-0.2 C
Toronto
Thursday, December 25, 2025
spot_img
Homeਹਫ਼ਤਾਵਾਰੀ ਫੇਰੀਫ਼ੈੱਡਰਲ ਸਰਕਾਰ ਨੇ ਉਨਟਾਰੀਓ ਵਿਚ ਦੁਰਲੱਭ ਬਿਮਾਰੀਆਂ ਦੀਆਂ ਦਵਾਈਆਂ ਪਹੁੰਚਾਉਣ ਲਈ ਉਨਟਾਰੀਓ...

ਫ਼ੈੱਡਰਲ ਸਰਕਾਰ ਨੇ ਉਨਟਾਰੀਓ ਵਿਚ ਦੁਰਲੱਭ ਬਿਮਾਰੀਆਂ ਦੀਆਂ ਦਵਾਈਆਂ ਪਹੁੰਚਾਉਣ ਲਈ ਉਨਟਾਰੀਓ ਸਰਕਾਰ ਨਾਲ ਸਮਝੌਤਾ ਕੀਤਾ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡਾ ਦੀ ਫ਼ੈੱਡਰਲ ਸਰਕਾਰ ਨੇ ਦੁਰਲੱਭ ਬਿਮਾਰੀਆਂ ਲਈ ਲੋੜੀਂਦੀਆਂ ਦਵਾਈਆਂ ਤੱਕ ਪਹੁੰਚ ਆਸਾਨ ਬਨਾਉਣ ਲਈ ਉਨਟਾਰੀਓ ਸਰਕਾਰ ਨਾਲ ਦੋ-ਪਾਸੜ ਸਮਝੌਤਾ ਕੀਤਾ ਹੈ। 535 ਮਿਲੀਅਨ ਡਾਲਰ ਤੋਂ ਵਧੀਕ ਰਾਸ਼ੀ ਨਿਵੇਸ਼ ਵਾਲਾ ਇਹ ਸਮਝੌਤਾ ਉਨਟਾਰੀਓ ਵਿਚ ਦੁਰਲੱਭ ਤੇ ਮਾਰੂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਲੋੜੀਂਦੀਆਂ ਦਵਾਈਆਂ ਤੱਕ ਉਨ੍ਹਾਂ ਦੀ ਪਹੁੰਚ ਨੂੰ ਆਸਾਨ ਬਣਾਏਗਾ।
ਕੈਨੇਡਾ ਵਿਚ 12 ਵਿੱਚੋਂ ਇੱਕ ਮਨੁੱਖ ਦੁਰਲੱਭ ਬਿਮਾਰੀਆਂ ਦਾ ਸ਼ਿਕਾਰ ਹੈ ਅਤੇ ਇਨ੍ਹਾਂ ਦਾ ਇਲਾਜ ਬੜਾ ਮਹਿੰਗਾ ਹੈ। ਇਹ ਨਵਾਂ ਸਮਝੌਤਾ ‘ਨੈਸ਼ਨਲ ਸਟਰੈਟਿਜੀ ਫ਼ਾਰ ਡਰੱਗਜ਼ ਫ਼ਾਰ ਰੇਅਰ ਡਿਜ਼ੀਜ਼ਿਜ਼’ ਪੋਟੈਲੀਜਿਓ, ਔਕਸਲੁਮੋ, ਐੱਪਕਿਨਲੀ, ਵੈਲੀਰੇਗ ਅਤੇ ਯੈੱਸਕਾਰਟਾ ਪੰਜ ਬਿਮਾਰੀਆਂ ਲਈ ਲੋੜੀਂਦੀ ਫ਼ੰਡਿੰਗ ਮੁਹੱਈਆ ਕਰੇਗਾ। ਇਹ ਦਵਾਈਆਂ ਮਾਈਕੌਸਿਜ਼ ਫ਼ੰਜੋਇਡਿਜ਼, ਹਾਈਪਰ ਔਕਸੇਲੂਰੀਆ ਟਾਈਪ-1, ਡਿਫ਼ਿਊਜ਼ ਲਾਰਜ ਬੀ-ਸੈੱਲ ਲਿੰਫ਼ੋਮਾ, ਵੌਨ ਹਿੱਪੇਲ ਲਿੰਡੌ ਡਿਜ਼ੀਜ਼ ਅਤੇ ਵੱਖ-ਵੱਖ ਤਰ੍ਹਾਂ ਦੇ ਲਿੰਫ਼ੌਮਾ ਹਾਲਤਾਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੀਆਂ ਹਨ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਇਹ ਦੁਵੱਲਾ ਸਮਝੌਤਾ ਬਰੈਂਪਟਨ ਸਾਊਥ ਤੇ ਸਮੁੱਚੇ ਕੈਨੇਡਾ ਵਿੱਚ ਜੀਵਨ-ਬਚਾਊ ਦਵਾਈਆਂ ਜਿਨ੍ਹਾਂ ਦੀ ਉਨ੍ਹਾਂ ਨੂੰ ਅਤੀ ਲੋੜ ਹੈ, ਤੱਕ ਪੀੜਤਾਂ ਦੀ ਪਹੁੰਚ ਆਸਾਨ ਬਨਾਉਣ ਲਈ ਮਹੱਤਵਪੂਰਨ ਕਦਮ ਹੈ। ਇਨ੍ਹਾਂ ਦਵਾਈਆਂ ਦੇ ਨਿਵੇਸ਼ ਨਾਲ ਅਸੀਂ ਨਾ ਕੇਵਲ ਪੀੜਤਾਂ ਦੀ ਸਿਹਤ ਦਾ ਹੀ ਖ਼ਿਆਲ਼ ਰੱਖ ਰਹੇ ਹਾਂ, ਸਗੋਂ ਇਨ੍ਹਾਂ ਦੁਰਲੱਭ ਬਿਮਾਰੀਆਂ ਨਾਲ ਜੂਝਣ ਵਾਲੇ ਪਰਿਵਾਰਾਂ ਨੂੰ ਵੀ ਉਚੇਰੀ ਆਸ ਬੰਨ੍ਹਾ ਰਹੇ ਹਾਂ।”
ਇਨ੍ਹਾਂ ਜੀਵਨ-ਬਚਾਊ ਦਵਾਈਆਂ ਤੱਕ ਪਹੁੰਚ ਵਿੱਚ ਸੁਧਾਰ ਦੇ ਨਾਲ਼-ਨਾਲ਼ ਇਹ ਸਮਝੌਤਾ ਇਨ੍ਹਾਂ ਬਿਮਾਰੀਆਂ ਦੀ ਵੱਖ-ਵੱਖ ਟੈੱਸਟਾਂ ਨਾਲ ਅਗਾਊਂ ਪਛਾਣ ਕਰਨ ਲਈ ਵੀ ਵਚਨਬੱਧ ਹੈ। ਉਨਟਾਰੀਓ ਸੂਬਾ ਸਰਕਾਰ ਫ਼ੈੱਡਰਲ ਅਤੇ ਹੋਰ ਸੂਬਾਈ ਸਰਕਾਰਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਬਿਮਾਰੀਆਂ ਦੀ ਪਛਾਣ ਲਈ ਸਮਾਂ-ਬੱਧ ਉਸਾਰੂ ਯੋਜਨਾ ਤਿਆਰ ਕਰੇਗੀ। ਸੋਨੀਆ ਸਿੱਧੂ ਨੇ ਕਿਹਾ, ”ਫ਼ੈੱਡਰਲ ਸਰਕਾਰ ਮਜ਼ਬੂਤ ਹੈੱਲਥ ਸਿਸਟਮ ਬਨਾਉਣ ਲਈ ਵੱਖ-ਵੱਖ ਸੂਬਿਆਂ ਤੇ ਟੈਰੀਟਰੀਆਂ ਨਾਲ ਕੰਮ ਕਰਨ ਲਈ ਵਚਨਬੱਧ ਹੈ। ਉਨਟਾਰੀਓ ਸਰਕਾਰ ਨਾਲ ਹੋਇਆ ਇਹ ਸਮਝੌਤਾ ਭਲੀ-ਭਾਂਤ ਦਰਸਾਉਂਦਾ ਹੈ ਕਿ ਸਾਰੇ ਕੈਨੇਡਾ-ਵਾਸੀ, ਭਾਵੇਂ ਉਹ ਕੈਨੇਡਾ ਦੀ ਕਿਸੇ ਵੀ ਜਗ੍ਹਾ ‘ਤੇ ਵੱਸਦੇ ਹਨ ਅਤੇ ਉਨ੍ਹਾਂ ਦੇ ਮਾਇਕ ਹਾਲਾਤ ਕਿਸੇ ਵੀ ਤਰ੍ਹਾਂ ਦੇ ਹਨ, ਬਿਮਾਰੀਆਂ ਦੇ ਇਲਾਜ ਅਤੇ ਚੰਗੇਰੇ ਗੁਣਵੱਤਾ ਜੀਵਨ ਲਈ ਸਰਕਾਰ ਨੂੰ ਪਹੁੰਚ ਕਰ ਸਕਦੇ ਹਨ।”
ਕੈਨੇਡਾ ਦੇ ਸਿਹਤ ਮੰਤਰੀ ਮਾਣਯੋਗ ਮਾਰਕ ਹਾਲੈਂਡ ਦਾ ਇਸ ਬਾਰੇ ਕਹਿਣਾ ਹੈ, ”ਅਜਿਹੇ ਸਮਝੌਤਿਆਂ ‘ਤੇ ਪਹੁੰਚਣਾ ਉਨਟਾਰੀਓ ਵਾਸੀਆਂ ਲਈ ਮਜ਼ਬੂਤ ਹੈੱਲਥ ਸਿਸਟਮ ਉਸਾਰਨ ਵੱਲ ਇੱਕ ਹੋਰ ਵਧੀਆ ਸਾਰਥਿਕ ਕਦਮ ਹੈ। ਇਸ ਸਮਝੌਤੇ ਰਾਹੀਂ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਪੂੰਜੀ ਨਿਵੇਸ਼ ਕਰਨ ਨਾਲ ਬਿਮਾਰੀਆਂ ਦੀ ਅਗਾਊਂ ਪਛਾਣ ਕਰਨ ਅਤੇ ਦਵਾਈਆਂ ਦੀ ਪਹੁੰਚ ਆਸਾਨ ਹੋਣ ਵਿੱਚ ਮਦਦ ਮਿਲੇਗੀ। ਇਸ ਨਾਲ ਦੁਰਲੱਭ ਬਿਮਾਰੀਆਂ ਨਾਲ ਪੀੜਤ ਉਨਟਾਰੀਓ-ਵਾਸੀਆਂ ਲਈ ਚੰਗੇਰੀ ਸਿਹਤ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੋਵੇਗਾ।”

 

RELATED ARTICLES
POPULAR POSTS