
ਅੱਧੀ ਰਾਤ ਨੂੰ ਪੀੜਤਾ ਦਾ ਸਸਕਾਰ ਕਰਨ ਤੋਂ ਬਾਅਦ ਪੁਲਿਸ ਬੋਲੀ ਰੇਪ ਤਾਂ ਹੋਇਆ ਹੀ ਨਹੀਂ
ਹਾਥਰਸ : ਯੂਪੀ ਦੇ ਹਾਥਰਸ ਜ਼ਿਲ੍ਹੇ ਦੇ ਚੰਦਪਾ ਇਲਾਕੇ ਦੇ ਪਿੰਡ ਦੀ 19 ਸਾਲਾ ਲੜਕੀ ਨਾਲ ਹੋਏ ਗੈਂਗਰੇਪ ਤੋਂ ਬਾਅਦ ਜੋ ਦੁਰਦਸ਼ਾ ਉਸਦੇ ਸਰੀਰ ਦੀ ਕੀਤੀ ਗਈ ਸੀ ਉਹ ਦਿਲ ਨੂੰ ਦਹਿਲਾਉਣ ਵਾਲੀ ਸੀ। ਰੀੜ੍ਹ ਦੀ ਹੱਡੀ ਦਾ ਤੋੜਨਾ ਤੇ ਜੀਭ ਦਾ ਵੱਢ ਦੇਣਾ, ਇਸ ਸਭ ਦੇ ਚਲਦਿਆਂ ਪੀੜਤਾ ਦਮ ਤੋੜ ਗਈ ਤੇ ਲੰਘੇ ਮੰਗਲਵਾਰ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਜਬਰੀ ਉਸ ਦੀ ਦੇਹ ਦਾ ਅੰਤਿਮ ਸਸਕਾਰ ਕਰ ਦਿੱਤਾ ਤੇ ਪਰਿਵਾਰ ਨੂੰ ਘਰਾਂ ਵਿਚ ਕੈਦ ਰੱਖਿਆ। ਹੁਣ ਉਹੀ ਪੁਲਿਸ ਦਾਅਵਾ ਕਰ ਰਹੀ ਹੈ ਕਿ ਰੇਪ ਤਾਂ ਹੋਇਆ ਹੀ ਨਹੀਂ। ਇਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿਚ ਪੀੜਤ ਪਰਿਵਾਰ ਨੂੰ ਡੀ ਐਮ ਧਮਕਾਉਂਦੇ ਨਜ਼ਰ ਆ ਰਹੇ ਹਨ ਕਿ ਮੀਡੀਆ ਅੱਜ ਹੈ ਕੱਲ੍ਹ ਨਹੀਂ ਰਹੇਗਾ। ਸਰਕਾਰ ਦੀ ਗੱਲ ਮੰਨ ਲਵੋ। ਯੂਪੀ ਪੁਲਿਸ ਦਾ ਆਖਣਾ ਹੈ ਕਿ ਅਲੀਗੜ੍ਹ ਹਸਪਤਾਲ ਦੀ ਮੈਡੀਕਲ ਰਿਪੋਰਟ ਵਿਚ ਪੀੜਤਾ ਦੇ ਸਰੀਰ ‘ਤੇ ਜ਼ਖਮ ਤਾਂ ਹਨ ਪਰ ਗੈਂਗ ਰੇਪ ਦੀ ਪੁਸ਼ਟੀ ਨਹੀਂ ਹੁੰਦੀ। ਧਿਆਨ ਰਹੇ ਕਿ 14 ਸਤੰਬਰ ਨੂੰ ਚਾਰ ਨੌਜਵਾਨਾਂ ਨੇ 19 ਸਾਲਾ ਲੜਕੀ ਨਾਲ ਗੈਂਗ ਰੇਪ ਕੀਤਾ ਸੀ। ਇਸੇ ਦੌਰਾਨ ਵੀਰਵਾਰ ਨੂੰ ਜਦੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਦਿੱਲੀ ਤੋਂ ਯੂਪੀ ਲਈ ਨਿਕਲੇ ਤਾਂ ਯੂਪੀ ਪੁਲਿਸ ਨੇ ਉਨ੍ਹਾਂ ਨੂੰ ਰਾਹ ‘ਚ ਹੀ ਰੋਕ ਲਿਆ। ਫਿਰ ਪੈਦਲ ਤੁਰੇ ਰਾਹੁਲ ਗਾਂਧੀ ਨੂੰ ਸੋਟੀ ਮਾਰ ਕੇ ਸੜਕ ‘ਤੇ ਸੁੱਟ ਲਿਆ ਤੇ ਹੰਗਾਮੇ ਦੀ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਦੇਸ਼ ਸਣੇ ਦੁਨੀਆ ਭਰ ਵਿਚ ਜਿੱਥੇ ਇਸ ਘਟਨਾ ਦੀ ਨਿੰਦਾ ਹੋ ਰਹੀ ਹੈ, ਉਥੇ ਯੂਪੀ ਪੁਲਿਸ, ਪ੍ਰਸ਼ਾਸਨ ਤੇ ਯੋਗੀ ਸਰਕਾਰ ਸਣੇ ਮੋਦੀ ਸਰਕਾਰ ਵੀ ਸਭ ਦੇ ਨਿਸ਼ਾਨੇ ‘ਤੇ ਹੈ। ਹੱਦ ਤਾਂ ਇਸ ਤੋਂ ਵੀ ਵੱਧ ਇਹ ਹੈ ਕਿ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਗੈਂਗ ਰੇਪ ਦੇ ਆਰੋਪੀਆਂ ਦੇ ਪਰਿਵਾਰਾਂ ਦਾ ਘਮੰਡ ਅਜੇ ਵੀ ਸਾਹਮਣੇ ਆ ਰਿਹਾ ਹੈ, ਜੋ ਆਖ ਰਹੇ ਹਨ ਕਿ ਅਸੀਂ ਉਸ ਜਾਤੀ ਵਾਲੇ ਲੋਕਾਂ ਦੇ ਨਾਲ ਬੋਲਣਾ ਵੀ ਪਸੰਦ ਨਹੀਂ ਕਰਦੇ ਨਾਲ ਬੈਠਣਾ ਤਾਂ ਦੂਰ ਦੀ ਗੱਲ ਹੈ। ਫਿਰ ਸਾਡੇ ਜਵਾਕ ਅਜਿਹੇ ਲੋਕਾਂ ਦੀ ਕੁੜੀ ਛੂਹਣਗੇ ਕਿਉਂ। ਇਸ ਸੀਨਾਜ਼ੋਰੀ ਨੂੰ ਪੁਲਿਸ ਪ੍ਰਸ਼ਾਸਨ ਤੇ ਸਥਾਨਕ ਸਰਕਾਰ ਦੀ ਸ਼ਹਿ ਵੀ ਨਜ਼ਰ ਆ ਰਹੀ ਹੈ। ਜਿਸ ਨੂੰ ਲੈ ਕੇ ਯੂਪੀ ਸਣੇ ਦੇਸ਼ ਭਰ ਵਿਚ ਕੈਂਡਲ ਮਾਰਚ, ਤੇ ਰੋਸ ਪ੍ਰਦਰਸ਼ਨ ਵੀ ਸ਼ੁਰੂ ਹੋ ਚੁੱਕੇ ਹਨ।