ਚੀਨ ਨੇ ਕੈਨੇਡਿਆਈ ਲੋਕਾਂ ਨੂੰ ਵੀਜ਼ੇ ਤੋਂ ਦਿੱਤੀ ਛੋਟ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਤੇ ਚੀਨ ਸਮਝੌਤਾ ਦੁਵੱਲਾ ਵਪਾਰ ਵਧਾਏਗਾ। ਇਸਦੇ ਚੱਲਦਿਆਂ ਵਪਾਰਕ ਸਮਝੌਤਿਆਂ ‘ਤੇ ਨਿਕਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚੀਨ ਤੋਂ ਵੱਡਾ ਹੁੰਗਾਰਾ ਮਿਲਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨਾਲ ਖੁੱਲ੍ਹੀ ਮੁਲਾਕਾਤ ਮੌਕੇ ਦੋਹਾਂ ਦੇਸ਼ਾਂ ਦੇ ਮੁਖੀਆਂ ਨੇ ਵਪਾਰਕ ਸਮਝੌਤਾ ਸਹੀਬੰਦ ਕੀਤਾ ਹੈ, ਜਿਸ ਤਹਿਤ ਕੈਨੇਡਾ ਨੇ ਚੀਨ ਤੋਂ ਆਉਂਦੀਆਂ ਬਿਜਲਈ ਕਾਰਾਂ ਉੱਤੇ ਟੈਰਿਫ 100 ਫੀਸਦ ਤੋਂ ਘਟਾ ਕੇ 6 ਫੀਸਦ ਕਰ ਦਿੱਤਾ ਹੈ।
ਚੀਨ ਨੇ ਕੈਨੇਡਾ ਤੋਂ ਦਰਾਮਦ ਵਸਤਾਂ ਉੱਤੇ ਟੈਰਿਫ 84 ਫੀਸਦ ਤੋਂ ਘਟਾ ਕੇ 15 ਫੀਸਦ ਕਰ ਦਿੱਤਾ ਹੈ। ਕੈਨੇਡਾ ਇਸ ਸਾਲ ਚੀਨ ਤੋਂ 49,900 ਕਾਰਾਂ ਦਰਾਮਦ ਕਰੇਗਾ ਤੇ ਅਗਲੇ ਸਾਲਾਂ ਦੌਰਾਨ ਅੰਕੜਾ 70 ਹਜ਼ਾਰ ਸਾਲਾਨਾ ਤੱਕ ਪਹੁੰਚ ਜਾਏਗਾ। ਟੈਰਿਫ ਛੋਟ ਕਾਰਨ ਚੀਨ ਤੋਂ ਆ ਕੇ ਕੈਨੇਡਾ ਵਿੱਚ 60-62 ਹਜ਼ਾਰ ਡਾਲਰ ਵਿੱਚ ਵਿਕਣ ਵਾਲੀ ਬਿਜਲਈ ਕਾਰ ਹੁਣ 35-36 ਹਜਾਰ ਡਾਲਰ ਵਿੱਚ ਮਿਲ ਸਕੇਗੀ। ਇਸੇ ਤਰ੍ਹਾਂ ਕੈਨੇਡਾ ਤੋਂ ਕਲੋਨਾ ਤੇਲ, ਉੱਚ ਮਿਆਰੀ ਲੱਕੜ, ਸਮੁੰਦਰੀ ਖਾਦ ਪਦਾਰਥ ਤੇ ਕੈਨੇਡਾ ਦੇ ਕਈ ਹੋਰ ਉਤਪਾਦ ਹੁਣ ਚੀਨ ਨੂੰ ਭੇਜੇ ਜਾਣਗੇ।
ਇਥੋਂ ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਚੀਨ ਨਾਲ ਹੋਏ ਸਮਝੌਤੇ ਨੇ ਕੈਨੇਡਾ ਲਈ ਬਰਾਮਦ ਦੇ ਦਰ ਖੋਲ੍ਹ ਦਿੱਤੇ ਹਨ। ਇਸ ਸਮਝੌਤੇ ਤੋਂ ਖੁਸ਼ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਈ ਹੋਰ ਦੇਸ਼ਾਂ ਦੀ ਯਾਤਰਾ ਦਾ ਪ੍ਰੋਗਰਾਮ ਉਲੀਕ ਲਿਆ ਹੈ। ਉਨ੍ਵਾਂ ਵੱਡੀਆਂ ਉਮੀਦਾਂ ਨਾਲ ਕਤਰ ਦੇ ਮੁਖੀ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਚੀਨ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਕਿ ਕੈਨੇਡਿਆਈ ਲੋਕਾਂ ਨੂੰ ਚੀਨ ਆਉਣ ਲਈ ਹੁਣ ਵੀਜ਼ੇ ਦੀ ਲੋੜ ਨਹੀਂ ਹੋਏਗੀ।
ਅਮਰੀਕਾ ਦੇ ਦਬਾਅ ਹੇਠ ਕੈਨੇਡਾ ਨੇ ਚੀਨ ਦੀਆਂ ਦਰਾਮਦੀ ਵਸਤਾਂ ‘ਤੇ 84 ਫੀਸਦ ਟੈਰਿਫ ਲਾਉਣ ਨਾਲ ਕੈਨੇਡਾ ਚੀਨ ਵਪਾਰ ਇੱਕ ਤਰ੍ਹਾਂ ਬੰਦ ਸੀ, ਜਿਸ ਕਾਰਨ ਕੈਨੇਡਿਆਈ ਆਰਥਿਕਤਾ ਡਾਵਾਂਡੋਲ ਹੋ ਗਈ ਸੀ। ਸਮਝੌਤੇ ਨੇ ਕੈਨੇਡਾ ਦੇ ਉਤਪਾਦਕਾਂ ਦੇ ਚਿਹਰੇ ਖਿੜਾ ਦਿੱਤੇ ਹਨ। ਇਨ੍ਹਾਂ ਸਮਝੌਤਿਆਂ ਨਾਲ ਕੈਨੇਡਾ ਨੂੰ ਅਮਰੀਕਾ ਦੇ ਮੂੰਹ ਵੱਲ ਨਹੀਂ ਤੱਕਣਾ ਪਏਗਾ। ਸੰਭਵ ਹੈ ਕਿ ਸਮਝੌਤੇ ਤੋਂ ਚਿੜ ਕੇ ਅਮਰੀਕੀ ਰਾਸ਼ਟਰਪਤੀ ਕੈਨੇਡਿਆਈ ਵਸਤਾਂ ‘ਤੇ ਟੈਰਿਫ ਹੋਰ ਵਧਾ ਦੇਣ।
ਦੂਜੇ ਪਾਸੇ ਕੈਨੇਡਾ ਦੇ ਬਿਜਲਈ ਕਾਰ ਉਤਪਾਦਨ ਨੂੰ ਥੋੜ੍ਹਾ ਝਟਕਾ ਲੱਗੇਗਾ, ਘਰੇਲੂ ਉਤਪਾਦਨ ਕੁਝ ਘਟੇਗਾ ਤੇ ਉਨ੍ਹਾਂ ਲਈ ਕੀਮਤ ਮੁਕਾਬਲਾ ਵੀ ਖੜ੍ਹਾ ਹੋ ਜਾਏਗਾ। ਪਰ ਖਪਤਕਾਰ ਮਾਮਲਿਆਂ ਦੇ ਮਾਹਰ ਇਸ ਖਦਸ਼ੇ ਨੂੰ ਸਿਰੇ ਤੋਂ ਨਕਾਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੁਕਾਬਲੇਬਾਜ਼ੀ ਵਿੱਚ ਬਿਜਲਈ ਕਾਰਾਂ ਦੀ ਚੀਨ ਤੋਂ ਆਉਣ ਵਾਲੀਆਂ ਅੱਧਾ ਲੱਖ ਕਾਰਾਂ ਤੋਂ ਮੰਗ ਕਿਤੇ ਜ਼ਿਆਦਾ ਵਧੇਗੀ।
ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਅਨੁਸਾਰ ਚੀਨ ਨਾਲ ਚੰਗੇ ਸਬੰਧ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਣਗੇ।
ਭਾਰਤ ਤੇ ਕੈਨੇਡਾ ਵਿਚਕਾਰ ਆਰਥਿਕ ਸਮਝੌਤੇ ਲਈ ਫਰਵਰੀ ‘ਚ ਗੱਲਬਾਤ ਹੋਣ ਦੀ ਉਮੀਦ
ਮਨਿੰਦਰ ਸਿੱਧੂ ਨੇ ਕਿਹਾ : ਭਾਰਤ ਨਾਲ ਵਪਾਰ ਵਧਾਉਣਾ ਅਹਿਮ
ਟੋਰਾਂਟੋ : ਕੈਨੇਡਾ ‘ਚ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਭਾਰਤ ਨਾਲ ਵਪਾਰ ਅਤੇ ਆਰਥਿਕ ਮੌਕਿਆਂ ਨੂੰ ਵਧਾਉਣਾ ਬਹੁਤ ਅਹਿਮ ਹੈ, ਖਾਸ ਕਰਕੇ ਖੇਤੀਬਾੜੀ ਅਤੇ ਊਰਜਾ ਖੇਤਰ ਵਿੱਚ। ਉਨ੍ਹਾਂ ਦੱਸਿਆ ਕਿ ਨਵੇਂ ਆਰਥਿਕ ਸਮਝੌਤੇ ਲਈ ਰਸਮੀ ਵਪਾਰ ਗੱਲਬਾਤ ਫਰਵਰੀ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਕੈਨੇਡਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਸੁਧਾਰਨ ਲਈ ਵਿਹਾਰਿਕ ਰਵੱਈਆ ਅਪਣਾਏਗਾ।
ਸਿੱਧੂ ਨੇ ਕਿਹਾ ਕਿ ਉਹ ਨਵੰਬਰ ਵਿੱਚ ਭਾਰਤ ਗਏ ਸਨ, ਜਿੱਥੇ ਉਨ੍ਹਾਂ ਨੇ ਵਪਾਰ ਵਧਾਉਣ ਦੇ ਮੌਕੇ ਦੇਖੇ ਅਤੇ ਭਾਰਤ ਦੇ ਊਰਜਾ ਮੰਤਰੀ ਨਾਲ ਮੁਲਾਕਾਤ ਕੀਤੀ। ਇਹ ਬਿਆਨ ਉਨ੍ਹਾਂ ਨੇ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਦਿੱਤੇ, ਜਿੱਥੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਲਈ ਨਿਵੇਸ਼ ਹਾਸਿਲ ਕਰਨ ਦੇ ਉਦੇਸ਼ ਨਾਲ ਆਪਣੀ ਨੌਂ ਦਿਨਾਂ ਦੀ ਵਿਦੇਸ਼ ਯਾਤਰਾ ਸਮਾਪਤ ਕਰ ਰਹੇ ਹਨ।
ਸਿੱਧੂ ਨੇ ਕਿਹਾ ਕਿ ਭਾਰਤ ਕੈਨੇਡਾ ਲਈ ਅਗਲਾ ਵੱਡਾ ਵਪਾਰਕ ਟੀਚਾ ਹੈ ਅਤੇ ਇਹ ਭਵਿੱਖ ਵਿੱਚ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵਾਲਾ ਦੇਸ਼ ਹੈ। ਪ੍ਰਧਾਨ ਮੰਤਰੀ ਦਫਤਰ ਮੁਤਾਬਕ, ਕਾਰਨੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਜਲਦ ਭਾਰਤ ਦੌਰਾ ਕਰਨ ਦੀ ਸਹਿਮਤੀ ਦਿੱਤੀ ਹੈ।

