Breaking News
Home / ਹਫ਼ਤਾਵਾਰੀ ਫੇਰੀ / ਕੈਪਟਨ ਨੇ ਕੁਤਰੇ ਸਿੱਧੂ ਦੇ ਪਰ

ਕੈਪਟਨ ਨੇ ਕੁਤਰੇ ਸਿੱਧੂ ਦੇ ਪਰ

ਸਥਾਨਕ ਸਰਕਾਰਾਂ ਦਾ ਵਿਭਾਗ ਨਵਜੋਤ ਸਿੱਧੂ ਤੋਂ ਖੋਹ ਕੇ ਬ੍ਰਹਮ ਮਹਿੰਦਰਾ ਨੂੰ ਦਿੱਤਾ

ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦਾ ਵਿਭਾਗ ਵੀ ਕਰ ਦਿੱਤਾ ਚੰਨੀ ਹਵਾਲੇਚੰਡੀਗੜ੍ਹ : ਪੰਜਾਬ ਕੈਬਨਿਟ ‘ਚ ਵੀਰਵਾਰ ਨੂੰ ਫੇਰਬਦਲ ਕੀਤਾ ਗਿਆ। ਇਸ ਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਵੀ ਬਦਲ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੂੰ ਊਰਜਾ ਅਤੇ ਨਵੀਨੀਕਰਨ ਊਰਜਾ ਮੰਤਰਾਲਾ ਦਿੱਤਾ ਗਿਆ।

ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕੋਲ ਸਥਾਨਕਾਂ ਸਰਕਾਰਾਂ ਬਾਰੇ ਵਿਭਾਗ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੈਬਨਿਟ ਦੀ ਮੀਟਿੰਗ ਸੱਦੀ ਅਤੇ ਇਸ ‘ਚ ਕਈ ਮੰਤਰੀਆਂ ਦੇ ਵਿਭਾਗਾਂ ਨੂੰ ਬਦਲਿਆ ਗਿਆ। ਨਵਜੋਤ ਸਿੰਘ ਸਿੱਧੂ ਇਸ ਮੀਟਿੰਗ ‘ਚ ਸ਼ਾਮਲ ਨਹੀਂ ਹੋਏ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਸ਼ਹਿਰੀ ਇਲਾਕਿਆਂ ‘ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਦੇ ਲਈ ਮੈਨੂੰ ਜਾਣਬੁੱਝ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਬ੍ਰਹਮ ਮੋਹਿੰਦਰਾ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੀ ਵਾਗਡੋਰ ਚਰਨਜੀਤ ਸਿੰਘ ਚੰਨੀ ਨੂੰ ਸੌਂਪੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਵਜੋਤ ਸਿੱਧੂ ਇਸ ਨਵੇਂ ਅਹੁਦੇ ਨੂੰ ਖਿੜੇ ਮੱਥੇ ਸਵੀਕਾਰਦੇ ਹਨ ਜਾਂ ਨਹੀਂ। ਹਾਲਾਂਕਿ ਨਵਜੋਤ ਸਿੰਘ ਸਿੱਧੂ ਚੇਤਾਵਨੀ ਵੀ ਦੇ ਚੁੱਕੇ ਹਨ ਕਿ ਜੇਕਰ ਉਨ੍ਹਾਂ ਦਾ ਵਿਭਾਗ ਬਦਲਿਆ ਗਿਆ ਤਾਂ ਉਹ ਵੀ ਆਪਣਾ ਫੈਸਲਾ ਸੁਣਾ ਦੇਣਗੇ।ਧਿਆਨ ਰਹੇ ਕਿ ਇਕੱਲੇ ਸਿੱਧੂ ਦੇ ਹੀ ਨਹੀਂ ਹੋਰ ਕਈ ਮੰਤਰੀਆਂ ਦੇ ਵਿਭਾਗ ਵੀ ਬਦਲੇ ਗਏ ਹਨ ਜਿਨ੍ਹਾਂ ‘ਚ ਪ੍ਰਮੁੱਖ ਤੌਰ ‘ਤੇ ਓਪੀ ਸੋਨੀ ਤੋਂ ਸਕੂਲੀ ਸਿੱਖਿਆ ਵਿਭਾਗ ਲੈ ਕੇ ਵਿਜੇਇੰਦਰ ਸਿੰਗਲਾ ਨੂੰ ਦੇ ਦਿੱਤਾ ਤੇ ਇਸੇ ਤਰ੍ਹਾਂ ਤ੍ਰਿਪਤ ਰਜਿੰਦਰ ਬਾਜਵਾ ਤੇ ਰਜੀਆ ਸੁਲਤਾਨਾ ਸਣੇ ਜਿੱਥੇ ਕੁਝ ਹੋਰ ਮੰਤਰੀਆਂ ਦੇ ਵਿਭਾਗ ਵੀ ਬਦਲੇ ਗਏ ਹਨ, ਉਥੇ ਬ੍ਰਹਮ ਮਹਿੰਦਰਾ ਤੋਂ ਸਿਹਤ ਵਿਭਾਗ ਲੈ ਕੇ ਬਲਬੀਰ ਸਿੱਧੂ ਨੂੰ ਦੇ ਦਿੱਤਾ ਗਿਆ ਹੈ। ਇਸ ਵੱਡੀ ਵਿਭਾਗੀ ਰੱਦੋ ਬਦਲ ਦੇ ਬਾਵਜੂਦ ਚਰਚਾ ਸਿਰਫ਼ ਨਵਜੋਤ ਸਿੱਧੂ ਦੇ ਵਿਭਾਗ ਬਦਲਣ ਦੀ ਹੀ ਹੈ। ਨਵਜੋਤ ਸਿੱਧੂ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਕਿ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ ਪਰ ਚਰਚਾਵਾਂ ਜ਼ੋਰ ਫੜਨ ਲੱਗੀਆਂ ਹਨ ਸਿੱਧੂ ਹੁਣ ‘ਦੜ ਵੱਟ ਜ਼ਮਾਨਾ ਕੱਟ ਬੀਬੀ, ਭਲੇ ਦਿਨ ਆਉਣਗੇ।’ ਕਹਾਵਤ ਅਨੁਸਾਰ ਕਾਂਗਰਸ ‘ਚ ਚੁੱਪ ਵੱਟ ਕੇ ਕੰਮ ਕਰਦੇ ਰਹਿੰਦੇ ਹਨ ਜਾਂ ਫਿਰ ਆਮ ਆਦਮੀ ਪਾਰਟੀ ਦਾ ਰੁਖ ਕਰ ਸਕਦੇ ਹਨ। ਚਰਚਾ ਤਾਂ ਇਹ ਵੀ ਹੈ ਕਿ ਉਹ ਭਾਜਪਾ ‘ਚ ਘਰ ਵਾਪਸੀ ਵੀ ਕਰ ਸਕਦੇ ਹਨ ਜਾਂ ਨਵੀਂ ਪਾਰਟੀ ਦਾ ਮੁੱਢ ਵੀ ਬੰਨ੍ਹ ਸਕਦੇ ਹਨ।

ਕੰਮ ਦੀ ਸਮੀਖਿਆ ਜ਼ਰੂਰੀ : ਅਮਰਿੰਦਰ

ਅਮਰਿੰਦਰ ਸਿੰਘ ਨੇ ਲੰਘੇ ਦਿਨੀਂ ਕਿਹਾ ਸੀ ਕਿ ਰਾਜ ਦੇ ਸ਼ਹਿਰੀ ਇਲਾਕਿਆਂ ‘ਚ ਕਾਂਗਰਸ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ। ਮੰਤਰੀ ਦੇ ਤੌਰ ‘ਤੇ ਸਿੱਧੂ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ ਅਤੇ ਉਹ ਆਪਣਾ ਵਿਭਾਗ ਸੰਭਾਲਣ ਦੇ ਸਮਰਥ ਨਹੀਂ ਹਨ। ਹਾਲਾਂਕਿ ਅਮਰਿੰਦਰ ਦੇ ਇਸ ਬਿਆਨ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਕਿਸੇ ਦੂਜੇ ਮੰਤਰੀ ਨੇ ਇੰਨੀ ਪਾਰਦਰਸ਼ਤਾ ਨਾਲ ਕੰਮ ਨਹੀਂ ਕੀਤਾ, ਜਿੰਨੀ ਪਾਰਦਰਸ਼ਤਾ ਨਾਲ ਉਨ੍ਹਾਂ ਨੇ ਕੰਮ ਕੀਤਾ ਹੈ।

ਹਾਰ ਦੀ ਜ਼ਿੰਮੇਵਾਰੀ ਸਭ ਦੀ : ਸਿੱਧੂ

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਦੇ ਪ੍ਰਦਰਸ਼ਨ ਦੇ ਲਈ ਸਿਰਫ਼ ਮੈਨੂੂੰ ਨਿਸ਼ਾਨੇ ‘ਤੇ ਲੈਣਾ ਗਲਤ ਹੈ। ਮੈਨੂੰ ਮਹੱਤਵਹੀਣ ਨਹੀਂ ਸਮਝਿਆ ਜਾ ਸਕਦਾ। ਸਿਰਫ਼ ਮੇਰੇ ਖਿਲਾਫ਼ ਐਕਸ਼ਨ ਕਿਉਂ ਲਿਆ ਜਾ ਰਿਹਾ ਹੈ? ਪੰਜਾਬ ਵਿਚ ਦੋ ਲੋਕ ਸਭਾ ਸੀਟਾਂ ‘ਤੇ ਹੋਈ ਹਾਰ ਦੀ ਜਿੰਮੇਵਾਰੀ ਸਭ ਦੀ ਹੈ, ਫਿਰ ਬਾਕੀ ਮੰਤਰੀਆਂ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ?ਮੈਂ ਹਮੇਸ਼ਾ ਹੀ ਪਾਰਟੀ ਲਈ ਵਧੀਆ ਕੰਮ ਕਰਦਾ ਰਿਹਾ ਹਾਂ ਪ੍ਰੰਤੂ ਕੁਝ ਲੋਕ ਮੈਨੂੰ ਪਾਰਟੀ ਤੋਂ ਬਾਹਰ ਕੱਢਣਾ ਚਾਹੁੰਦੇ ਹਨ।

ਪਤਨੀ ਨੂੰ ਟਿਕਟ ਨਾ ਮਿਲਣ ਤੋਂ ਨਾਰਾਜ਼ ਹਨ ਸਿੱਧੂ

ਲੋਕ ਸਭਾ ਚੋਣਾਂ ‘ਚ ਟਿਕਟ ਨਾ ਮਿਲਣ ਕਾਰਨ ਨਵਜੋਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਨਾਰਾਜ਼ਗੀ ਪ੍ਰਗਟ ਕੀਤੀ ਸੀ। ਉਨ੍ਹਾਂ ਆਰੋਪ ਲਗਾਇਆ ਸੀ ਕਿ ਕੈਪਟਨ ਅਮਰਿੰਦਰ ਕਾਰਨ ਹੀ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਗਈ। ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਪਤਨੀ ਦਾ ਸਮਰਥਨ ਕੀਤਾ ਸੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਆਰੋਪਾਂ ਦਾ ਖੰਡਨ ਕੀਤਾ ਸੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਮਤਭੇਦ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ।

550ਵਾਂ ਪ੍ਰਕਾਸ਼ ਪੁਰਬ ਹੋਵੇ ਕੌਮੀ ਸ਼ਹਿਣਸ਼ੀਲਤਾ ਦਿਵਸ

ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਖ਼ਤ ਲਿਖ ਕੇ ਕੀਤੀ ਮੰਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਕੌਮੀ ਸਹਿਣਸ਼ੀਲਤਾ ਦਿਵਸ ਐਲਾਨਣ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖ ਕੇ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ, ਰਹਿਮਦਿਲੀ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਪ੍ਰਤੀ ਲੋਕਾਂ ਦੇ ਮੁੜ ਸਮਰਪਿਤ ਹੋਣ ਲਈ ਇਸ ਦਿਹਾੜੇ ਨੂੰ ਕੌਮੀ ਸਹਿਣਸ਼ੀਲਤਾ ਦਿਵਸ ਐਲਾਨਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪਾਤਿਸ਼ਾਹ ਦੀਆਂ ਮਹਾਨ ਸਿੱਖਿਆਵਾਂ ਦੀ ਅਜੋਕੇ ਦੌਰ ਵਿੱਚ ਹੀ ਓਨੀ ਹੀ ਸਾਰਥਿਕਤਾ ਹੈ, ਜਿੰਨੀ ਉਸ ਸਮੇਂ ਵਿੱਚ ਹੁੰਦੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਮਨਾਇਆ ਜਾਣਾ ਹੈ ਅਤੇ ਇਸ ਦਿਹਾੜੇ ਨੂੰ ਕੌਮੀ ਸਹਿਣਸ਼ੀਲਤਾ ਦਿਵਸ ਐਲਾਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪਹਿਲੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹਰੇਕ ਵਰ੍ਹੇ ਇਸੇ ਤਰ੍ਹਾਂ ਹੀ ਮਨਾਉਣ ਦਾ ਸੁਝਾਅ ਵੀ ਦਿੱਤਾ।

ਮੁੱਖ ਮੰਤਰੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨਕਾਲ ਦੌਰਾਨ ਦੂਰ-ਦੁਰਾਡੀਆਂ ਥਾਵਾਂ ਦੀ ਯਾਤਰਾ ਕਰਕੇ ਸਾਂਝੀਵਾਲਤਾ ਅਤੇ ਸਹਿਣਸ਼ੀਲਤਾ ਦੇ ਸੁਨੇਹੇ ਦਾ ਪਾਸਾਰ ਕਰਨ ਤੋਂ ਇਲਾਵਾ ਬਰਾਬਰੀ, ਭਾਈਚਾਰਕ ਸਾਂਝ, ਦਿਆਲਤਾ ਅਤੇ ਨੇਕੀ ਦੇ ਆਧਾਰ ‘ਤੇ ਵਿਲੱਖਣ ਰੂਪ ਵਿੱਚ ਅਧਿਆਤਮਕ ਅਤੇ ਸਮਾਜਿਕ ਮੰਚ ਸਥਾਪਤ ਕੀਤਾ। ਕੈਪਟਨ ਨੇ ਕਿਹਾ ਕਿ ਸਿੱਖ ਧਰਮ ਦੇ ਮੂਲ ਸਿਧਾਂਤਾਂ ਜਿਨ੍ਹਾਂ ਦੀ ਬੁਨਿਆਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਵਿੱਚ ਮਨੁੱਖਤਾ ਦੀ ਬਰਾਬਰੀ, ਨਿਸ਼ਕਾਮ ਸੇਵਾ, ਸਰਬੱਤ ਦਾ ਭਲਾ ਮੰਗਣਾ ਸ਼ਾਮਲ ਹਨ।

 

 

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …