Breaking News
Home / ਪੰਜਾਬ / ਗੁਰੂ ਨਾਲ ਤੋੜ ਨਿਭਾਉਣ ਵਾਲੇ ਭਾਈ ਮਰਦਾਨਾ ਦੇ ਪਰਿਵਾਰ ਨੂੰ ਗੁਰੂ ਪਿਆਰਿਆਂ ਨੇ ਨਹੀਂ ਲਾਇਆ ਗਲ

ਗੁਰੂ ਨਾਲ ਤੋੜ ਨਿਭਾਉਣ ਵਾਲੇ ਭਾਈ ਮਰਦਾਨਾ ਦੇ ਪਰਿਵਾਰ ਨੂੰ ਗੁਰੂ ਪਿਆਰਿਆਂ ਨੇ ਨਹੀਂ ਲਾਇਆ ਗਲ

ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰੂ ਘਰ ਤੇ ਗੁਰਮਤਿ ਸੰਗੀਤ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਹਾਸਲ ਕਰਨ ਵਾਲੇ ਭਾਈ ਮਰਦਾਨਾ ਦੀ 18ਵੀਂ ਤੇ 19ਵੀਂ ਪੀੜ੍ਹੀ ਦੇ ਵੰਸ਼ਜ ਇਕ ਲੰਬੇ ਅਰਸੇ ਤੋਂ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਇਹ ਵਾਕਿਆ ਹੀ ਅਫ਼ਸੋਸ ਵਾਲੀ ਗੱਲ ਹੈ ਕਿ ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਦੇਵ ਜੀ ਦੇ ਪੱਕੇ ਤੇ ਸੱਚੇ ਸ਼ਰਧਾਲੂ ਭਾਈ ਮਰਦਾਨਾ, ਜਿਨ੍ਹਾਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗੁਰੂ ਸਾਹਿਬ ਨਾਲ ਬਿਤਾਇਆ, ਦੇ ਵਾਰਸਾਂ ਨੂੰ ਮੌਜੂਦਾ ਸਮੇਂ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਪੈ ਰਿਹਾ ਹੈ। ਲਾਹੌਰ ਦੀ ਆਬਾਦੀ ਗਾਜ਼ੀਆਬਾਦ ਦੇ ਮੁਹੱਲਾ ਹੁਸੈਨਪੁਰਾ ਵਿਚ ਰਹਿੰਦੇ ਭਾਈ ਮਰਦਾਨਾ ਦੀ 17ਵੀਂ ਪੀੜ੍ਹੀ ਦੇ ਵੰਸ਼ਜ ਭਾਈ ਲਾਲ ਦੇ ਪੁੱਤਰ ਰਬਾਬੀ ਨਾਇਮ ਤਾਹਿਰ ਲਾਲ, ਮੁਹੰਮਦ ਹੁਸੈਨ, ਮੁਹੰਮਦ ਸਰਫ਼ਰਾਜ਼ ਅਤੇ ਉਨ੍ਹਾਂ ਦੇ ਪੋਤਰੇ ਮੁਹੰਮਦ ਅਸਵਰ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਈ ਵਾਰ ਭਾਰਤ ਆ ਕੇ ਕੀਰਤਨ ਕਰਨ ਦੀ ਅਪੀਲ ਕਰਦਿਆਂ ਭਾਈ ਮਰਦਾਨਾ ਦੀ ਕੀਰਤਨ ਪ੍ਰਥਾ ਨੂੰ ਬਚਾਉਣ ਦੀ ਗੁਹਾਰ ਲਗਾ ਚੁੱਕੇ ਹਨ, ਪਰ ਉਨ੍ਹਾਂ ਨੂੰ ਇਸ ਸੇਵਾ ਦਾ ਅਵਸਰ ਨਹੀਂ ਦਿੱਤਾ ਜਾ ਰਿਹਾ। ਉੱਧਰ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਪ੍ਰਧਾਨ ਸਵਰਨ ਸਿੰਘ ਗਿੱਲ ਨੇ ਦੱਸਿਆ ਕਿ ਪਾਕਿਸਤਾਨ ਵਿਚ ਸਾਲ ਵਿਚ ਚਾਰ ਵਾਰ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ, ਵਿਸਾਖੀ, ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਤੇ ਬਰਸੀ ਮਹਾਰਾਜਾ ਰਣਜੀਤ ਸਿੰਘ ‘ਤੇ ਸਿੱਖ ਜਥੇ ਦੇਸ਼-ਵਿਦੇਸ਼ ਤੋਂ ਪਾਕਿ ਭੇਜੇ ਜਾਂਦੇ ਹਨ। ਉਸ ਦੌਰਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੇਸ਼-ਵਿਦੇਸ਼ ਤੋਂ ਗਏ ਕੀਰਤਨੀ ਜਥਿਆਂ ਵਲੋਂ ਕੀਰਤਨ ਸਮਾਪਤ ਕੀਤੇ ਜਾਣ ਬਾਅਦ ਭਾਈ ਮਰਦਾਨਾ ਦੇ ਵਾਰਸਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਭਾਈ ਮਰਦਾਨਾ ਦੇ ਵਾਰਸਾਂ ਨੂੰ ਉਕਤ ਧਾਰਮਿਕ ਸਮਾਗਮਾਂ ਵਿਚਲੇ ਕੀਰਤਨਾਂ ਵਿਚ ਸ਼ਾਮਿਲ ਹੋਣ ਹਿੱਤ ਪਾਸ ਹਾਸਿਲ ਕਰਨ ਲਈ ਵੀ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਦਫ਼ਤਰ ਦੇ ਕਈ-ਕਈ ਚੱਕਰ ਲਗਾਉਣੇ ਪੈਂਦੇ ਹਨ। ਨਾਇਮ ਤਾਹਿਰ ਦੇ ਭਾਈ ਮੁਹੰਮਦ ਹੁਸੈਨ ਅਨੁਸਾਰ ਪਾਕਿਸਤਾਨ ਵਿਚ ਕੀਰਤਨ ਦੀ ਰੀਤ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਗੁਰਪੁਰਬਾਂ ਮੌਕੇ ਹੋਣ ਵਾਲੇ ਕੀਰਤਨਾਂ ਵਿਚ ਵੀ ਉਨ੍ਹਾਂ ਨੂੰ ਅਖ਼ੀਰ ਵਿਚ ਮੌਕਾ ਦਿੱਤਾ ਜਾਂਦਾ ਹੈ, ਜਿਸ ਨਾਲ ਨਾ ਤਾਂ ਉਨ੍ਹਾਂ ਦੀ ਕੀਰਤਨ ਕਰਨ ਦੀ ਰੀਝ ਪੂਰੀ ਹੁੰਦੀ ਹੈ ਅਤੇ ਨਾ ਹੀ ਆਰਥਿਕ ਤੌਰ ‘ਤੇ ਕੋਈ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕੀਰਤਨ ਦੇ ਇਲਾਵਾ ਕਿਸੇ ਹੋਰ ਖੇਤਰ ਵਿਚ ਨਹੀਂ ਜਾਣਾ ਚਾਹੁੰਦਾ ਅਤੇ ਨਾ ਹੀ ਉਹ ਬਾਬੇ ਨਾਨਕ ਦੀ ਬਾਣੀ ਤੋਂ ਇਲਾਵਾ ਹੋਰ ਕੁਝ ਗਾਉਂਦੇ ਹਨ, ਪਰ ਗੁਰੂਘਰ ਵਿਚ ਕੀਰਤਨ ਕਰਨ ਦਾ ਅਵਸਰ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਭਾਈ ਮਰਦਾਨਾ ਦੇ ਵਾਰਸਾਂ ਨੇ ਸਾਫ਼ ਤੌਰ ‘ਤੇ ਕਿਹਾ ਕਿ ਉਨ੍ਹਾਂ ਨੂੰ ਫ਼ਿਰੋਜ਼ਪੁਰ ਦੀ ਭਾਈ ਮਰਦਾਨਾ ਯਾਦਗਾਰੀ ਸੇਵਾ ਸੁਸਾਇਟੀ ਅਤੇ ਨਨਕਾਣਾ ਸਾਹਿਬ ਸਿੱਖ ਯਾਤਰੀ ਜਥਾ ਆਦਿ ਦੇ ਇਲਾਵਾ ਕਦੇ ਹੋਰ ਕਿਸੇ ਭਾਰਤੀ ਸਿਰਕੱਢ ਸਿੱਖ ਸੰਸਥਾ ਨੇ ਆਰਥਿਕ ਸਹਾਇਤਾ ਨਹੀਂ ਦਿੱਤੀ। ਉਨ੍ਹਾਂ ਪੀ. ਐਸ.ਜੀ.ਪੀ. ਸੀ. ਅਤੇ ਈ. ਟੀ. ਪੀ. ਬੀ. ਪਾਸੋਂ ਮੰਗ ਕੀਤੀ ਹੈ ਕਿ ਭਾਈ ਮਰਦਾਨਾ ਦੀ ਰਬਾਬ ਨਾਲ ਕੀਰਤਨ ਕਰਨ ਦੀ ਪ੍ਰਥਾ ਨੂੰ ਖ਼ਤਮ ਹੋਣ ਤੋਂ ਬਚਾਉਣ ਲਈ ਭਾਈ ਮਰਦਾਨਾ ਦੇ ਵਾਰਸਾਂ ਦੀ ਪੱਕੇ ਤੌਰ ‘ਤੇ ਪਾਕਿ ਸਥਿਤ ਗੁਰਧਾਮਾਂ ਵਿਚ ਨਿਯੁਕਤੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸਿੱਖ ਇਤਿਹਾਸ ਵਿਚ ਭਾਈ ਮਰਦਾਨਾ ਦਾ ਨਾਂ ਬੜੇ ਅਦਬ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਭਾਈ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਦਾ 19 ਰਾਗਾਂ ਵਿਚ ਗਾਇਣ ਕੀਤਾ ਅਤੇ ਗੁਰੂ ਸਾਹਿਬ ਨਾਲ ਦੇਸ਼-ਵਿਦੇਸ਼ ਵਿਚ ਚਾਰ ਉਦਾਸੀਆਂ ਦਾ ਸਫ਼ਰ ਤਹਿ ਕੀਤਾ। ਭਾਈ ਮਰਦਾਨਾ ਦਾ ਦਿਹਾਂਤ ਹੋਣ ‘ਤੇ ਗੁਰੂ ਸਾਹਿਬ ਨੇ ਆਪਣੇ ਹੱਥੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਸਨ। ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੇ ਸਮੇਂ ਭਾਈ ਮਰਦਾਨਾ ਦੇ ਸ਼ਾਗਿਰਦ ਭਾਈ ਬਾਦੂ ਤੇ ਭਾਈ ਸਾਦੂ ਰਬਾਬੀ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਰਹੇ ਅਤੇ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਉਕਤ ਰਬਾਬੀਆਂ ਦੇ ਪਰਿਵਾਰ ਵਿਚੋਂ ਭਾਈ ਸੱਤਾ ਤੇ ਭਾਈ ਬਲਵੰਡ ਕੀਰਤਨ ਦੀ ਸੇਵਾ ਕਰਦੇ ਰਹੇ।

Check Also

ਕਿਸਾਨਾਂ ਦੇ ਹੱਕ ‘ਚ ਨਿੱਤਰੇ ਨਵਜੋਤ ਸਿੱਧੂ

ਕਿਹਾ – ਖੇਤੀਬਾੜੀ ਪੰਜਾਬ ਦੀ ਆਤਮਾ ਹੈ ਤੇ ਇਸ ਦੀ ਰੂਹ ‘ਤੇ ਹਮਲਾ ਬਰਦਾਸ਼ਤ ਨਹੀਂ …