
ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬੇਅਦਬੀ ਦੀ ਘਟਨਾ ਆਈ ਸਾਹਮਣੇ
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਦੇ ਬਾਹਰ ਬੇਅਦਬੀ ਹੋਣ ਦੀ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਅਤੇ ਇਸ ਮੰਦਭਾਗੀ ਘਟਨਾ ਦੀ ਪੁਰਜ਼ੋਰ ਨਾਲ ਨਿੰਦਾ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਕ ਵਿਅਕਤੀ ਵਲੋਂ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਸ ਵਿਅਕਤੀ ਵਲੋਂ ਗੁਟਕਾ ਸਾਹਿਬ ਦੇ ਅੰਗ ਫਾੜੇ ਗਏ ਹਨ। ਜਦਕਿ ਮੌਕੇ ’ਤੇ ਹੀ ਸੰਗਤ ਵਲੋਂ ਉਸ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵਲੋਂ ਉਸ ਵਿਅਕਤੀ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ. ਜਸਰੂਪ ਕੌਰ ਬਾਠ ਨੇ ਦੱਸਿਆ ਕਿ ਫਿਲਹਾਲ ਦੋਸ਼ੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਦੀ ਟੀਮ ਜਾਂਚ ਕਰ ਰਹੀ ਹੈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਾ ਚਾਹੀਦਾ ਬਲਕਿ ਵੱਧ ਤੋਂ ਵੱਧ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਘਟਨਾ ਦੇ ਪਿਛੇ ਜੋ ਮੁੱਖ ਦੋਸ਼ੀ ਹਨ, ਉਹਨਾਂ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਹੈ।

