Breaking News
Home / ਪੰਜਾਬ / ਅਮਿਤ ਸ਼ਾਹ ਦੇ ਬਿਆਨ ‘ਤੇ ਅਰਵਿੰਦ ਕੇਜਰੀਵਾਲ ਦਾ ਜਵਾਬੀ ਹਮਲਾ

ਅਮਿਤ ਸ਼ਾਹ ਦੇ ਬਿਆਨ ‘ਤੇ ਅਰਵਿੰਦ ਕੇਜਰੀਵਾਲ ਦਾ ਜਵਾਬੀ ਹਮਲਾ

ਕਿਹਾ : ਸਰਕਾਰਾਂ ਡੇਗਣ ਦੀ ਭਾਜਪਾ ਦੀ ਮੁਹਾਰਤ ਪੰਜਾਬ ‘ਚ ਨਹੀਂ ਚੱਲੇਗੀ
ਚੰਡੀਗੜ੍ਹ/ਬਿਊਰੋ ਨਿਊਜ਼ : ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਮੁੱਚੀ ਭਾਜਪਾ ਨੂੰ ਲੋਕ ਸਭਾ ਚੋਣਾਂ ‘ਚ ਨਕਾਰ ਕੇ ਜੁਆਬ ਦੇਣ ਅਤੇ ਪੰਜਾਬੀਆਂ ਨੂੰ ਨਫਰਤ ਕਰਨ ਵਾਲੇ ਇਨ੍ਹਾਂ ਭਾਜਪਾਈ ਆਗੂਆਂ ਨੂੰ ਚੋਣਾਂ ‘ਚ ਵੋਟਾਂ ਰਾਹੀਂ ਸਬਕ ਸਿਖਾਉਣ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਹੁਣ ਲੋਕ ਸਭਾ ਚੋਣਾਂ ਮਗਰੋਂ ਪੰਜਾਬ ਦੀ ਚੁਣੀ ਹੋਈ ਸਰਕਾਰ ਡਿੱਗਣ ਦੀਆਂ ਗੱਲਾਂ ਕਰ ਰਹੇ ਹਨ, ਪਰ ਪੰਜਾਬੀ ਇਸ ਗੁੰਡਾਗਰਦੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ।
ਦੋਵਾਂ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਸਰਕਾਰਾਂ ਡੇਗਣ ਦੀ ਮੁਹਾਰਤ ਪੰਜਾਬ ਵਿਚ ਨਹੀਂ ਚੱਲੇਗੀ।
‘ਆਪ’ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 750 ਕਿਸਾਨ ਸ਼ਹੀਦ ਹੋਏ ਅਤੇ ਕੇਂਦਰੀ ਵਰਤਾਰੇ ਤੋਂ ਸਭ ਕਿਸਾਨ ਜਾਣੂ ਹਨ। ਉਸ ਮਗਰੋਂ ਪੰਜਾਬ ਦੀ ਆਰਥਿਕ ਘੇਰਾਬੰਦੀ ਕੀਤੀ ਗਈ ਅਤੇ ਹੁਣ ਤਿੰਨ ਕਰੋੜ ਪੰਜਾਬੀਆਂ ਵੱਲੋਂ ਚੁਣੇ ਆਗੂਆਂ ਨੂੰ ‘ਸ਼ਹਿਰੀ ਨਕਸਲੀ’ ਕਿਹਾ ਜਾ ਰਿਹਾ ਹੈ। ਕੇਜਰੀਵਾਲ ਨੇ ਬਠਿੰਡਾ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਮਿਤ ਸ਼ਾਹ ਨੇ ‘ਆਪ’ ਸਰਕਾਰ ਨੂੰ ਇੱਕ ਤਰੀਕੇ ਨਾਲ ਧਮਕਾਇਆ ਹੈ। ਕੇਜਰੀਵਾਲ ਨੇ ਸਵਾਲ ਕੀਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸਪਸ਼ਟ ਕਰਨ ਕਿ ਉਹ ਜਮਹੂਰੀ ਤਰੀਕੇ ਨਾਲ ਚੁਣੀ ਗਈ ਸਰਕਾਰ ਦਾ ਤਖ਼ਤਾ ਪਲਟਣ ਦੀ ਯੋਜਨਾ ਕਿਵੇਂ ਬਣਾ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ”ਤੁਸੀਂ ਸਰਕਾਰ ਨੂੰ ਕਿਵੇਂ ਉਖਾੜ ਦਿਓਗੇ? ਕੀ ਤੁਸੀਂ ਈਡੀ ਨੂੰ ਉਨ੍ਹਾਂ ਦੇ ਬੂਹੇ ਭੇਜ ਕੇ ਪੰਜਾਬ ਦੇ ਲੋਕਾਂ ਨੂੰ ਡਰਾਓਗੇ? ਤਿੰਨ ਕਰੋੜ ਪੰਜਾਬੀਆਂ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਕਿਵੇਂ ਰਚੋਗੇ?” ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਹ ਇਸ ਗੁੰਡਾਗਰਦੀ ਨੂੰ ਕਿਵੇਂ ਸਵੀਕਾਰ ਕਰਨਗੇ? ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਸਰਕਾਰਾਂ ਡੇਗਣ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਮਾਨ ਨੇ ਕਿਹਾ, ”ਉਨ੍ਹਾਂ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕੀਤਾ, ਸ਼ਿਵ ਸੈਨਾ ਵਿੱਚ ਫੁੱਟ ਦੀ ਯੋਜਨਾ ਬਣਾਈ ਅਤੇ ਹਾਲ ਹੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ। ਪਰ ਪੰਜਾਬ ਵਿੱਚ ਉਹ ਮੇਰੀ ਸਰਕਾਰ ਨਹੀਂ ਡੇਗ ਸਕਦੇ।”
ਕੇਜਰੀਵਾਲ ਨੇ ਕਿਹਾ ਕਿ ਪੰਜਾਬੀ ਵੱਡੇ ਦਿਲ ਵਾਲੇ ਲੋਕ ਹਨ ਅਤੇ ਜੇ ਭਾਜਪਾ ਨੇ ਅਜਿਹੀ ਬਾਂਹ ਮਰੋੜਨ ਦੀਆਂ ਚਾਲਾਂ ਨਾ ਵਰਤੀਆਂ ਹੁੰਦੀਆਂ ਤਾਂ ਉਹ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਇੱਕ ਸੀਟ ਜ਼ਰੂਰ ਦੇ ਦਿੰਦੇ। ਉਨ੍ਹਾਂ ਕਿਹਾ ਕਿ ਪੰਜਾਬੀ ਧਮਕੀ ਬਰਦਾਸ਼ਤ ਨਹੀਂ ਕਰਦੇ ਹਨ।
ਕੌਮੀ ਖੁਰਾਕ ਸੁਰੱਖਿਆ ਵਿੱਚ ਪੰਜਾਬ ਦਾ ਯੋਗਦਾਨ ਨਜ਼ਰਅੰਦਾਜ਼ : ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅਫ਼ਸੋਸ ਜਤਾਇਆ ਕਿ ਭਾਜਪਾ ਨੇ ਰਾਸ਼ਟਰੀ ਖ਼ੁਰਾਕ ਸੁਰੱਖਿਆ ਵਿੱਚ ਪੰਜਾਬ ਦੇ ਯੋਗਦਾਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰੀ ਪੂਲ ਨੂੰ 220 ਲੱਖ ਮੀਟ੍ਰਿਕ ਟਨ ਚੌਲ ਅਤੇ 140 ਲੱਖ ਮੀਟ੍ਰਿਕ ਟਨ ਕਣਕ ਦਿੰਦੇ ਹਾਂ, ਜਿਸ ਨਾਲ ਕੇਂਦਰ ਫੂਡ ਸਕੀਮਾਂ ਦੀ ਜਨਤਕ ਵੰਡ ਨੂੰ ਚਲਾਉਂਦਾ ਹੈ। ਉਲਟਾ ਕਿਸਾਨਾਂ ‘ਤੇ ਗੋਲੀਬਾਰੀ ਕੀਤੀ ਜਾਂਦੀ ਹੈ, ਜੋ ਕੇਂਦਰ ਨਾਲ ਗੱਲ ਕਰਨ ਲਈ ਦਿੱਲੀ ਜਾਣਾ ਚਾਹੁੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਕੋਲ ਪੰਜਾਬੀਆਂ ਲਈ ਕੀਤੇ ਗਏ ਭਲਾਈ ਕਾਰਜਾਂ ਅਤੇ ਪ੍ਰੋਗਰਾਮਾਂ ਦੇ ਮਾਮਲੇ ਵਿੱਚ ਦਿਖਾਉਣ ਲਈ ਕੁਝ ਨਹੀਂ ਹੈ। ਜੇ ਉਹ ਸਾਡੇ ਨਾਲ ਦੁਰਵਿਵਹਾਰ ਕਰਕੇ ਇਹ ਸੋਚਦੇ ਹਨ ਕਿ ਉਹ ਪੰਜਾਬ ਦੇ ਚੋਣ ਮੈਦਾਨ ਵਿੱਚ ਮਜ਼ਬੂਤ ਖਿਡਾਰੀ ਬਣ ਸਕਦੇ ਹਨ, ਤਾਂ ਉਹ ਗ਼ਲਤ ਹਨ। ਲੋਕਾਂ ਦਾ ਫ਼ਤਵਾ ਉਨ੍ਹਾਂ ਦੀ ਭਲਾਈ ਲਈ ਕੰਮ ਕਰਕੇ ਕਮਾਇਆ ਜਾਂਦਾ ਹੈ। ਭਾਜਪਾ ਇਸ ਸਭ ਨੂੰ ਰੋਕਣਾ ਚਾਹੁੰਦੀ ਹੈ।

 

 

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …