
ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੋ ਰਹੀ ਅਹੁਦਿਆਂ ਦੀ ਵੰਡ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਹ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੀਤਾ। ਪਾਰਟੀ ਪ੍ਰਧਾਨ ਨੇ ਦੱਸਿਆ ਕਿ ਪਹਿਲੀ ਸੂਚੀ ਅਨੁਸਾਰ ਸੀਨੀਅਰ 5 ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਹੈ। ਉਨ੍ਹਾਂ ਵਿਚ ਡਾ. ਉਪਿੰਦਰਜੀਤ ਕੌਰ, ਬੀਬੀ ਸਤਵੰਤ ਕੌਰ ਸੰਧੂ ਦੋਵੇਂ ਸਾਬਕਾ ਕੈਬਨਿਟ ਮੰਤਰੀ, ਬੀਬੀ ਰਜਿੰਦਰ ਕੌਰ ਬੁਲਾਰਾ ਸਾਬਕਾ ਐਮ.ਪੀ, ਬੀਬੀ ਗੁਰਦਿਆਲ ਕੌਰ ਮੱਲਣ ਅਤੇ ਬੀਬੀ ਗੁਰਦੇਵ ਕੌਰ ਸੰਘਾ ਦੋਵੇਂ ਸਾਬਕਾ ਚੇਅਰਪਰਸਨ ਦੇ ਨਾਮ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੀਆਂ ਨਿਯੁਕਤੀਆਂ ਨੂੰ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।