
ਲੁਧਿਆਣਾ ‘ਚ ਅਪਰਾਧਕ ਮਾਮਲੇ ਦੀ ਕਵਰੇਜ਼ ਕਰਨ ਗਏ ਸਨ ਪੱਤਰਕਾਰ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਅਪਰਾਧਕ ਮਾਮਲੇ ਦੀ ਕਵਰੇਜ ਕਰਨ ਗਏ ਦੋ ਪੱਤਰਕਾਰਾਂ ਨੂੰ ਮਹਿਲਾ ਐਸ.ਐਚ.ਓ. ਨੇ ਥਾਣੇ ਵਿਚ ਹੀ ਬੰਦੀ ਬਣਾ ਲਿਆ ਅਤੇ ਪੱਤਰਕਾਰਾਂ ਨਾਲ ਖਿੱਚ ਧੂਹ ਵੀ ਕੀਤੀ ਗਈ। ਜਾਣਕਾਰੀ ਅਨੁਸਾਰ ਅਪਰਾਧਿਕ ਮਾਮਲੇ ਵਿੱਚ ਪੱਤਰਕਾਰ ਜਦੋਂ ਲੁਧਿਆਣਾ ਦੇ ਥਾਣਾ ਬਸਤੀ ਜੋਧੇਵਾਲ ਪਹੁੰਚੇ ਤਾਂ ਉੱਥੇ ਹਵਾਲਾਤ ਵਿੱਚ ਅੱਧੀ ਦਰਜਨ ਤੋਂ ਵੱਧ ਵਿਅਕਤੀ ਬੰਦ ਸਨ ਤੇ ਸਮਾਜਿਕ ਦੂਰੀ ਦੀ ਉਲੰਘਣਾ ਕੀਤੀ ਜਾ ਰਹੀ ਸੀ। ਪੱਤਰਕਾਰਾਂ ਨੇ ਜਦੋਂ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਮਹਿਲਾ ਅੱੈਸ.ਐੱਚ.ਓ ਭੜਕ ਪਈ ਅਤੇ ਪੱਤਰਕਾਰਾਂ ਨੂੰ ਥਾਣੇ ਵਿੱਚ ਹੀ ਬੰਦੀ ਬਣਾ ਲਿਆ ਤੇ ਖਿੱਚ ਧੂਹ ਵਿਚ ਇਕ ਪੱਤਰਕਾਰ ਦੇ ਕੱਪੜੇ ਵੀ ਫਟ ਗਏ। ਪੁਲਿਸ ਵਲੋਂ ਪੱਤਰਕਾਰਾਂ ਨਾਲ ਕੀਤੇ ਗਏ ਅਜਿਹੇ ਵਤੀਰੇ ਦੀ ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਨਿੰਦਾ ਕਰਦਿਆਂ ਮਹਿਲਾ ਐਸ.ਐਚ.ਓ. ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।