Breaking News
Home / ਪੰਜਾਬ / ਅਮਰਿੰਦਰ ਲੌਕਡਾਊਨ ਖਿਲਾਫ, ਪਰ ਪੰਜਾਬ ‘ਚ ਮਾਹੌਲ ਹੋਰ ਖਰਾਬ ਹੋਣ ਦਾ ਖਦਸ਼ਾ

ਅਮਰਿੰਦਰ ਲੌਕਡਾਊਨ ਖਿਲਾਫ, ਪਰ ਪੰਜਾਬ ‘ਚ ਮਾਹੌਲ ਹੋਰ ਖਰਾਬ ਹੋਣ ਦਾ ਖਦਸ਼ਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਰੋਨਾ ਵਾਇਰਸ ਕਰਕੇ ਲੌਕਡਾਊਨ ਲਾਗੂ ਕਰਨ ਦੇ ਖਿਲਾਫ ਹਨ, ਪਰ ਉਨ੍ਹਾਂ ਪੇਸ਼ੀਨਗੋਈ ਕੀਤੀ ਕਿ ਸੂਬੇ ਦੇ ਹਾਲਾਤ ਹੋਰ ਖ਼ਰਾਬ ਹੋਣ ਦੇ ਆਸਾਰ ਹਨ।
ਕੈਪਟਨ ਨੇ ਇਹ ਟਿੱਪਣੀ ਇਕ ਮੀਟਿੰਗ ਦੌਰਾਨ ਅਜਿਹੇ ਮੌਕੇ ਕੀਤੀ ਹੈ ਜਦੋਂ ਸੂਬੇ ਵਿੱਚ ਇਕੋ ਦਿਨ ‘ਚ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ 7000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਪਿਛਲੇ ਸਾਲ ਮਾਰਚ ਵਿੱਚ ਕਰੋਨਾ ਮਹਾਮਾਰੀ ਫੈਲਣ ਮਗਰੋਂ ਇਕ ਦਿਨ ‘ਚ ਆਇਆ ਇਹ ਸਿਖਰਲਾ ਅੰਕੜਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਾਸ ਕਰਕੇ ਦੱਖਣੀ ਪੰਜਾਬ ਵਿੱਚ ਹਾਲਾਤ ਵਧੇਰੇ ਗੰਭੀਰ ਹੋਣ ਦਾ ਅਨੁਮਾਨ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਦੇ ਟਾਕਰੇ ਲਈ ਸਖ਼ਤ ਉਪਾਅ ਕੀਤੇ ਗਏ ਹਨ, ਪਰ ਉਹ ਸੂਬੇ ਵਿੱਚ ‘ਲੌਕਡਾਊਨ’ ਦੀ ਤਜਵੀਜ਼ ਦੇ ਹੱਕ ਵਿੱਚ ਨਹੀਂ ਹਨ ਕਿਉਂਕਿ ਇਸ ਨਾਲ ਨਾ ਸਿਰਫ਼ ਆਰਥਿਕ ਮੁਸ਼ਕਲਾਂ ਬਲਕਿ ਮਜ਼ਦੂਰਾਂ ਦੀ ਆਪਣੇ ਪਿੱਤਰੀ ਸੂਬਿਆਂ ਨੂੰ ਹਿਜਰਤ ਵੀ ਵਧੇਗੀ। ਕੈਪਟਨ ਨੇ ਕਿਹਾ ਕਿ ਮੈਡੀਕਲ ਆਕਸੀਜਨ ਦੇ 105 ਟਨ ਕੋਟੇ ‘ਚੋਂ ਸਿਰਫ਼ 85 ਟਨ ਹੀ ਸੂਬੇ ਨੂੰ ਮਿਲ ਰਹੀ ਹੈ ਜਦੋਂਕਿ ਬਾਕੀ ਪੀਜੀਆਈ ਚੰਡੀਗੜ੍ਹ ਭੇਜੀ ਜਾ ਰਹੀ ਹੈ।
ਪੰਜਾਬ ਵਿਚ ਹੁਣ ਸ਼ਾਮ 6 ਵਜੇ ਤੋਂ ਲੌਕਡਾਊਨ : ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ‘ਚ ਕਰੋਨਾ ਦੇ ਕੇਸਾਂ ‘ਚ ਵਾਧੇ ਨੂੰ ਦੇਖਦਿਆਂ ਹੁਣ ਪੰਜਾਬ ‘ਚ ਰੋਜ਼ਾਨਾ ਰਾਤ ਦਾ ਲੌਕਡਾਊਨ ਸ਼ਾਮ 6 ਤੋਂ ਸਵੇਰ 5 ਵਜੇ ਤੱਕ ਕਰਨ ਦਾ ਫ਼ੈਸਲਾ ਕੀਤਾ ਹੈ।
ਸ਼ਹਿਰਾਂ ਵਿਚ ਦੁਕਾਨਾਂ ਹੁਣ ਸ਼ਾਮ ਪੰਜ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਪਹਿਲਾਂ ਪੰਜਾਬ ਵਿਚ ਲੌਕਡਾਊਨ ਰਾਤ ਦੇ 9 ਤੋਂ ਸਵੇਰੇ 5 ਵਜੇ ਤੱਕ ਸੀ ਜੋ ਹੁਣ ਸ਼ਾਮ ਨੂੰ ਛੇ ਵਜੇ ਸ਼ੁਰੂ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਦੱਸਿਆ ਕਿ ਹਫਤਾਵਾਰੀ ਲੌਕਡਾਊਨ ਸ਼ੁੱਕਰਵਾਰ ਸ਼ਾਮ 6 ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

ਭਾਰਤੀ ਫੌਜ ਕੋਵਿਡ ਖਿਲਾਫ ਪੰਜਾਬ ਦੀ ਕਰੇਗੀ ਮੱਦਦ
ਕੈਪਟਨ ਅਮਰਿੰਦਰ ਵੱਲੋਂ ਫੌਜ ਦੇ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ
ਚੰਡੀਗੜ੍ਹ : ਭਾਰਤੀ ਫੌਜ ਨੇ ਹੁਣ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀ ਮਦਦ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਨੂੰ ਜੰਗ ਵਰਗੀ ਸਥਿਤੀ ਦੱਸਦਿਆਂ ਭਾਰਤੀ ਫੌਜ ਨੂੰ ਸਹਾਇਤਾ ਦੀ ਅਪੀਲ ਕੀਤੀ। ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਮੈਡੀਕਲ ਸੇਵਾਵਾਂ ਦੇਣ ਸਮੇਤ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ ਜਿਸ ‘ਚ ਪੰਜਾਬ ਵਿੱਚ ਬੰਦ ਪਏ ਪੁਰਾਣੇ ਆਕਸੀਜਨ ਪਲਾਟਾਂ ਨੂੰ ਸੁਰਜੀਤ ਕਰਨਾ ਵੀ ਸ਼ਾਮਿਲ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਪੰਜਾਬ ‘ਚ ਲੌਕਡਾਊਨ ਲਗਾਏ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਪੱਛਮੀ ਕਮਾਂਡ ਦੇ ਜੀਓਸੀ-ਇਨ-ਸੀ ਲੈਫਟੀਨੈਂਟ ਜਨਰਲ ਆਰਪੀ ਸਿੰਘ ਨੇ ਸੀਨੀਅਰ ਕਮਾਂਡ ਅਧਿਕਾਰੀਆਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਵਰਚੁਅਲ ਮੀਟਿੰਗ ਦੌਰਾਨ ਪ੍ਰਸਤਾਵਿਤ 100 ਬੈੱਡਾਂ ਵਾਲੇ ਕੋਵਿਡ ਸੈਂਟਰ ਨੂੰ ਚਲਾਉਣ ਲਈ ਸਟਾਫ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ। ਫ਼ੌਜ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਨੂੰ ਹਰ ਸੰਭਵ ਸਹਾਇਤਾ ਦੇਣਗੇ। ਲੈਫਟੀਨੈਂਟ ਜਨਰਲ ਆਰਪੀ ਸਿੰਘ ਨੇ ਦੱਸਿਆ ਕਿ ਕਮਾਂਡ ਸੈਂਟਰ ਵੱਲੋਂ ਤਕਨੀਕੀ ਅਤੇ ਮਾਹਿਰਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸ਼ਹਿਰੀ ਅਮਲੇ ਦੀ ਸਹਾਇਤਾ ਲਈ 15 ਸਿਖਲਾਈ ਪ੍ਰਾਪਤ ਨਰਸਾਂ ਨੂੰ ਪਹਿਲਾਂ ਹੀ ਪਟਿਆਲਾ ਭੇਜਿਆ ਗਿਆ ਹੈ। ਇਸੇ ਤਰ੍ਹਾਂ ਮਾਹਿਰਾਂ ਨੂੰ ਮੌਜੂਦਾ ਉਦਯੋਗਿਕ ਇਕਾਈਆਂ ‘ਚ ਬੰਦ ਪਏ ਆਕਸੀਜਨ ਪਲਾਂਟਾਂ ਦਾ ਦੌਰਾ ਕਰਨ ਲਈ ਭੇਜਿਆ ਜਾਵੇਗਾ। ਮੁੱਖ ਮੰਤਰੀ ਨੇ ਮਗਰੋਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੇ ਡਾਕਟਰੀ ਮਾਹਿਰਾਂ ਨਾਲ ਸਮੀਖਿਆ ਮੀਟਿੰਗ ਵਿਚ ਕਿਹਾ ਕਿ ਰਾਜ ਸਰਕਾਰ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਰਾਹੀਂ ਮਨੁੱਖੀ ਸ਼ਕਤੀ ਅਤੇ ਆਈਸੀਯੂ ਬੈੱਡ ਮੁਹੱਈਆ ਕਰਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵੀ ਪਹੁੰਚ ਕਰ ਰਹੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਲੌਕਡਾਊਨ ਲਗਾਉਣ ਬਾਰੇ ਹਾਲੇ ਕੋਈ ਵਿਚਾਰ ਨਹੀਂ ਹੈ ਕਿਉਂਕਿ ਇਸ ਨਾਲ ਹਿਜਰਤ ਅਤੇ ਆਰਥਿਕ ਪ੍ਰੇਸ਼ਾਨੀ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

 

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ

ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …