ਕਿਸਾਨ ਆਗੂ ਡੱਲੇਵਾਲ ਸਮੇਤ ਵੱਡੀ ਗਿਣਤੀ ਆਗੂ ਪੁਲਿਸ ਨੇ ਹਿਰਾਸਤ ਵਿਚ ਲਏ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪਟਿਆਲਾ ’ਚ ਦਫਤਰ ਦੇ ਬਾਹਰ ਸੰਯੁਕਤ ਕਿਸਾਨ ਮੋਰਚਾ (ਗੈਰਰਾਜਨੀਤਿਕ) ਦੀਆਂ 16 ਜਥੇਬੰਦੀਆਂ ਵੱਲੋਂ ਆਪਣੀਆਂ 21 ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ। ਇਸ ਧਰਨੇ ਨੂੰ ਪੁਲਿਸ ਨੇ ਹਟਾ ਦਿੱਤਾ ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਕਿਸਾਨਾਂ ਦੀ ਗਿ੍ਰਫਤਾਰੀ ਦਾ ਪੰਜਾਬ ਭਰ ਵਿਚ ਤਿੱਖਾ ਵਿਰੋਧ ਹੋ ਰਿਹਾ ਹੈ ਅਤੇ ਕਈ ਥਾਵਾਂ ’ਤੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਵੀ ਜਾਮ ਕਰ ਦਿੱਤੇ। ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਧਿਆਨ ਰਹੇ ਕਿ ਪਟਿਆਲਾ ਵਿਚ ਪੁਲਿਸ ਵਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਆਗੂ ਅਤੇ ਹੋਰ ਕਿਸਾਨਾਂ ਨੂੰ ਤੜਕੇ ਤਿੰਨ ਵਜੇ ਬੱਸਾਂ ਵਿਚ ਬਿਠਾ ਕੇ ਵੱਖ ਵੱਖ ਥਾਣਿਆਂ ਵਿਚ ਰੱਖਿਆ ਗਿਆ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਰੱਖੀ ਭੁੱਖ ਹੜਤਾਲ ਨੂੰ ਵੀ ਪੁਲਿਸ ਨੇ ਖਤਮ ਕਰਵਾ ਦਿੱਤਾ। ਕਿਸਾਨਾਂ ਦਾ ਆਰੋਪ ਹੈ ਕਿ ਉਨ੍ਹਾਂ ਨਾਲ ਭਗਵੰਤ ਮਾਨ ਸਰਕਾਰ ਨੇ ਮਾੜਾ ਰਵੱਈਆ ਅਖ਼ਤਿਆਰ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਸਾਡੀ ਲੜਾਈ ਪੂਰੇ ਪੰਜਾਬ ਦੇ ਕਿਸਾਨਾਂ ਲਈ ਹੈ ਇਹ ਮੰਗਾਂ ਪੰਜਾਬ ਦੇ ਕਿਸਾਨਾਂ ਲਈ ਹਨ ਪਰ ਸਰਕਾਰ ਵਾਅਦਾ ਕਰਕੇ ਮੁੱਕਰ ਰਹੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਜਬਰ ਜ਼ੁਲਮ ਨਾਲ ਕਦੇ ਵੀ ਸੰਘਰਸ਼ ਦਬਾਏ ਨਹੀਂ ਜਾ ਸਕਦੇ।