Breaking News
Home / ਪੰਜਾਬ / ਕੈਪਟਨ ਅਮਰਿੰਦਰ ਨੇ ਚੋਣਾਂ ਜਿੱਤਣ ਲਈ ਬਣਾਈ ‘ਟੀਮ ਪੰਜਾਬ’

ਕੈਪਟਨ ਅਮਰਿੰਦਰ ਨੇ ਚੋਣਾਂ ਜਿੱਤਣ ਲਈ ਬਣਾਈ ‘ਟੀਮ ਪੰਜਾਬ’

ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਕ੍ਰਿਕਟ ਟੀਮ ਵਾਂਗ ‘ਟੀਮ ਪੰਜਾਬ’ ਤਿਆਰ ਕੀਤੀ ਹੈ। ਫੇਸਬੁੱਕ ‘ਤੇ ਬਣਾਏ ਗਏ ਪੇਜ ਨੂੰ ‘ਟੀਮ ਕੈਪਟਨ’ ਦਾ ਨਾਂ ਦਿੱਤਾ ਗਿਆ ਹੈ ਤੇ ਇਸ ਦੀ ਟੈਗ ਲਾਈਨ ‘ਮਿੰਨਤ ਨਹੀਂ, ਹਿੰਮਤ’ ਹੈ। ਆਈਪੀਐੱਲ ਦੀਆਂ ਟੀਮਾਂ ਵਾਂਗ ਸਾਰੇ ਉਮੀਦਵਾਰਾਂ ਦੀਆਂ ਫੋਟੋਆਂ ਖਿਡਾਰੀਆਂ ਵਾਂਗ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਹਨ ਤੇ ਆਲੇ ਦੁਆਲੇ ਸੂਬੇ ਦੇ ਸਾਰੇ ਕਾਂਗਰਸੀ ਉਮੀਦਵਾਰ ਹਨ। ਚਰਚਾ ਹੈ ਕਿ ਇਸ ਪੇਜ ਰਾਹੀਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ 13 ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ।ਚੋਣਾਂ ਦੇ ਇਸ ਮੌਸਮ ਵਿਚ ਲੋਕਾਂ ਨੂੰ ਕ੍ਰਿਕਟ ਦਾ ਖੁਮਾਰ ਵੀ ਚੜ੍ਹਿਆ ਹੋਇਆ ਹੈ। ਲੋਕ ਆਈਪੀਐੱਲ ਸੀਰੀਜ਼ ਦੇਖਣ ਵਿਚ ਮਸਤ ਹਨ ਤੇ ਇਨ੍ਹਾਂ ਕ੍ਰਿਕਟ ਪ੍ਰੇਮੀਆਂ ਨੂੰ ਲੁਭਾਉਣ ਖ਼ਾਤਰ ਹੀ ਕਾਂਗਰਸ ਨੇ ਚੋਣਾਂ ਲਈ ‘ਟੀਮ ਕੈਪਟਨ’ ਨਾਂ ਦਾ ਇਹ ਪੇਜ ਤਿਆਰ ਕੀਤਾ ਹੈ। ਇਸ ਨੂੰ ‘ਮਿਸ਼ਨ 13’ ਦਾ ਨਾਂ ਦਿੱਤਾ ਗਿਆ ਹੈ। ਫੇਸਬੁੱਕ ‘ਤੇ ਤਿਆਰ ਕੀਤੀ ਆਪਣੀ ਇਸ ਟੀਮ ਲਈ ਕੈਪਟਨ ਅਮਰਿੰਦਰ ਸਿੰਘ ਸਪੋਰਟਸ ਮੈਨ ਵਾਂਗ ਸੋਸ਼ਲ ਮੀਡੀਆ ‘ਤੇ ਚੋਣ ਪ੍ਰਚਾਰ ਕਰਨਗੇ।
ਇਸ ਪੇਜ ‘ਤੇ ਬੈਨਰ ਤਿਆਰ ਕੀਤਾ ਗਿਆ ਹੈ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਖ਼ੁਦ ਲਾਲ ਟੀ ਸ਼ਰਟ ਪਾਈ ਵਿਚਕਾਰ ਖੜ੍ਹੇ ਹਨ, ਉਨ੍ਹਾਂ ਦੇ ਨਾਲ ਹੀ ਇਕ ਪਾਸੇ ਉਨ੍ਹਾਂ ਦੀ ਪਤਨੀ ਤੇ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ, ਇਕ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਜਾਖੜ, ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਨੀਸ਼ ਤਿਵਾੜੀ, ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ, ਅੰਮ੍ਰਿਤਸਰ ਤੋਂ ਗੁਰਜੀਤ ਔਜਲਾ, ਬਠਿੰਡਾ ਤੋਂ ਰਾਜਾ ਵੜਿੰਗ, ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਸੰਗਰੂਰ ਤੋਂ ਕੇਵਲ ਸਿੰਘ ਢਿੱਲੋਂ, ਫ਼ਰੀਦਕੋਟ ਤੋਂ ਮੁਹੰਮਦ ਸਦੀਕ, ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਤੇ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ. ਰਾਜ ਕੁਮਾਰ ਦੀ ਫੋਟੋ ਲਗਾਈ ਗਈ ਹੈ।
ਪੇਜ ਤੋਂ ਜਸਬੀਰ ਸਿੰਘ ਡਿੰਪਾ ਦੀ ਫੋਟੋ ਗਾਇਬ
ਸੋਸ਼ਲ ਮੀਡੀਆ ‘ਤੇ ਬਣਾਏ ਗਏ ‘ਟੀਮ ਕੈਪਟਨ’ ਪੇਜ ‘ਤੇ ਸਾਰੇ ਉਮੀਦਵਾਰਾਂ ਦੀਆਂ ਫੋਟੋਆਂ ਤਾਂ ਹਨ ਪਰ ਖਡੂਰ ਸਾਹਿਬ ਤੋਂ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਫੋਟੋ ਗਾਇਬ ਹੈ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …