ਲਾਂਘੇ ਦੀ ਉਸਾਰੀ ਲਈ ਢਾਹ ਦਿੱਤਾ ਗਿਆ ‘ਦਰਸ਼ਨ ਸਥਲ’
ਗੁਰਦਾਸਪੁਰ : ਦੂਰਬੀਨ ਰਾਹੀਂ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣੇ ‘ਦਰਸ਼ਨ ਸਥਲ’ ਨੂੰ ਮੰਗਲਵਾਰ ਸਵੇਰੇ ਸਵਾ ਗਿਆਰਾਂ ਵਜੇ ਢਾਹ ਦਿੱਤਾ ਗਿਆ। ਸਾਢੇ ਤਿੰਨ ਮੀਟਰ ਉੱਚਾ, 20 ਫੁੱਟ ਲੰਬਾ ਤੇ 15 ਫੁੱਟ ਚੌੜਾ ਇਹ ਪਲੇਟਫਾਰਮ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਤੱਕ ਲਾਂਘਾ ਬਣਾਏ ਜਾਣ ਦੇ ਮੱਦੇਨਜ਼ਰ ਢਾਹਿਆ ਗਿਆ ਹੈ। ਬਾਬਾ ਗੁਰਚਰਨ ਸਿੰਘ ਬੇਦੀ ਜਗਜੀਤ ਸਿੰਘ ਬੇਦੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਵੱਲੋਂ ਬਣਵਾਏ ਇਸ ਸਥਾਨ ਦਾ ਉਦਘਾਟਨ 6 ਮਈ 2008 ਨੂੰ ਬੀਐੱਸਐੱਫ (ਪੰਜਾਬ ਫਰੰਟੀਅਰ) ਦੇ ਤਤਕਾਲੀ ਆਈਜੀ ਹਿੰਮਤ ਸਿੰਘ ਨੇ ਕੀਤਾ ਸੀ। ਇਸ ਸਥਾਨ ਤੋਂ ਲੱਖਾਂ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦੂਰਬੀਨ ਰਾਹੀਂ ਦਰਸ਼ਨ ਕਰ ਚੁੱਕੇ ਹਨ। ਲਾਂਘੇ ਦਾ ਨਿਰਮਾਣ ਕਰ ਰਹੀ ਪ੍ਰਾਈਵੇਟ ਕੰਪਨੀ ਸੀਗਲ ਇੰਡੀਆ ਲਿਮਟਿਡ ਦੇ ਉਪ ਪ੍ਰਧਾਨ ਜਤਿੰਦਰ ਸਿੰਘ ਵੱਲੋਂ ਦਰਸ਼ਨ ਸਥਲ ਦੀਆਂ ਦੂਰਬੀਨਾਂ ਬੀਐੱਸਐੱਫ ਨੂੰ ਸੌਂਪ ਦਿੱਤੀਆਂ ਗਈਆਂ। ਇਸ ਜਗ੍ਹਾ ਤੋਂ ਕਰਤਾਰਪੁਰ ਸਾਹਿਬ ਦੀ ਸਿੱਧੀ ਦੂਰੀ ਸਾਢੇ ਚਾਰ ਕਿਲੋਮੀਟਰ ਹੈ। ਦੱਸਣਯੋਗ ਹੈ ਕਿ ਸ਼ਰਧਾਲੂਆਂ ਨੂੰ ਅਪਰੈਲ ਦੇ ਆਖ਼ਰੀ ਹਫ਼ਤੇ ਸੂਚਿਤ ਕਰ ਦਿੱਤਾ ਗਿਆ ਸੀ ਕਿ ਉਹ 6 ਮਈ ਤੱਕ ਇਸ ਸਥਾਨ ਤੋਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹਨ। ਕੁਝ ਧਾਰਮਿਕ ਸੰਗਠਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਇਸ ਸਥਾਨ ਨੂੰ ਕੁੱਝ ਦੇਰ ਹੋਰ ਨਾ ਤੋੜਿਆ ਜਾਵੇ ਪਰ ਕੌਰੀਡੋਰ ਦੇ ਕੰਮ ਦੇ ਚੱਲਦਿਆਂ ਇਸ ਨੂੰ ਬੂਰ ਨਹੀਂ ਪਿਆ। ਜ਼ਿਕਰਯੋਗ ਹੈ ਕਿ ਅਗਲੇ ਤਿੰਨ ਮਹੀਨੇ ਵਿੱਚ ਸੌ ਮੀਟਰ ਦੇ ਪੁਲ ਦੀ ਉਸਾਰੀ ਵੀ ਸ਼ੁਰੂ ਹੋ ਜਾਵੇਗੀ। ਇਹ ਪੁਲ ਲਾਂਘੇ ਦਾ ਹਿੱਸਾ ਹੈ। ਭਾਰਤ ਵਾਲੇ ਪਾਸੇ ਲਾਂਘੇ ਦੇ ਨਿਰਮਾਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …