ਹੁਣ ਪੀਲੇ ਅਤੇ ਗੂੜੇ ਨੀਲੇ ਰੰਗ ਦੀਆਂ ਵਰਦੀਆਂ ‘ਚ ਦਿਸਣਗੇ ਸੇਵਾਦਾਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰ ਹੁਣ ਦੋ ਵੱਖ-ਵੱਖ ਪੀਲੇ ਅਤੇ ਗੂੜੇ ਨੀਲੇ ਰੰਗ ਦੀਆਂ ਵਰਦੀਆਂ ਵਿਚ ਦਿਸਣਗੇ। ਸੇਵਾਦਾਰ ਹਫਤੇ ਵਿਚ 2-2 ਦਿਨ ਵਾਰੀ ਸਿਰ ਇਹ ਵਰਦੀਆਂ ਪਹਿਨਣਗੇ। ਜੇਕਰ ਵਰਦੀ ਪੀਲੀ ਹੈ ਤਾਂ ਦਸਤਾਰ ਨੀਲੀ ਹੋਵੇਗੀ ਅਤੇ ਜੇਕਰ ਵਰਦੀ ਨੀਲੀ ਹੈ ਤਾਂ ਦਸਤਾਰ ਪੀਲੀ ਹੋਵੇਗੀ। ਵਰਦੀ ਦੇ ਦੋਵੇਂ ਪਾਸੇ ਮੋਢਿਆਂ ਉੱਤੇ ਖੰਡਿਆਂ ਦੀ ਕਢਾਈ ਕੀਤੀ ਗਈ ਹੈ ਜਦਕਿ ਛਾਤੀ ਉੱਤੇ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਗਿਆ ਹੈ। ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ। ਇਸ ਦੇ ਨਾਲ ਸੇਵਾਦਾਰਾਂ ਨੂੰ ਕਮਰਕੱਸੇ ਦੇ ਰੂਪ ਵਿਚ ਕੱਪੜੇ ਦੀਆਂ ਵਿਸ਼ੇਸ਼ ਪੇਟੀਆਂ (ਬੈਲਟਾਂ) ਅਤੇ ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਵੀ ਦਿੱਤੇ ਜਾਣਗੇ, ਜਿਸ ਨਾਲ ਸੇਵਾਦਾਰਾਂ ਦੀ ਦਿਖ ਹੋਰ ਵੀ ਦਾਰਸ਼ਨਿਕ ਅਤੇ ਪ੍ਰਭਾਵੀ ਬਣੇਗੀ।

