
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੰਡੀਗੜ੍ਹ ਤੋਂ ਦਿੱਲੀ ਤੱਕ ਜਹਾਜ਼ ਵਿਚ ਸਫਰ ਕਰਦੇ ਸਮੇਂ ਇੰਡੀਗੋ ਦੀ ਫਲਾਈਟ ’ਚ ਟੁੱਟੀ ਹੋਈ ਸੀਟ ਮਿਲੀ ਹੈ। ਇਸਦੇ ਚੱਲਦਿਆਂ ਜਾਖੜ ਨੇ ਇੰਡੀਗੋ ਏਅਰਲਾਈਨਜ਼ ਦੀ ਸਰਵਿਸ ’ਤੇ ਸਵਾਲ ਚੁੱਕੇ ਹਨ। ਜਾਖੜ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ ਟੁੱਟੀ ਹੋਈ ਸੀਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜਾਖੜ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਸਬੰਧੀ ਕਰੂ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੰਪਨੀ ਦੀ ਵੈਬਸਾਈਟ ’ਤੇ ਸ਼ਿਕਾਇਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਨੂੰ ਦੇਖਣਾ ਚਾਹੀਦਾ ਹੈ ਕਿ ਪ੍ਰਮੁੱਖ ਏਅਰਲਾਈਨਜ਼ ਦਾ ਇਹ ‘ਚੱਲਦਾ ਹੈ’ ਵਾਲਾ ਰਵੱਈਆ ਸੁਰੱਖਿਆ ਦੇ ਨਿਯਮਾਂ ਤੱਕ ਨਾ ਵਧੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਵੀ ਏਅਰ ਇੰਡੀਆ ਦੀਆਂ ਸੇਵਾਵਾਂ ਨੂੰ ਲੈ ਕੇ ਸਵਾਲ ਉਠਾਏ ਗਏ ਸਨ। ਸ਼ਿਵਰਾਜ ਸਿੰਘ ਚੌਹਾਨ ਨੂੰ ਵੀ ਫਲਾਈਟ ਵਿਚ ਟੁੱਟੀ ਹੋਈ ਸੀਟ ’ਤੇ ਬੈਠ ਕੇ ਸਫਰ ਕਰਨਾ ਪਿਆ ਸੀ।