ਉਤਰਾਖੰਡ ’ਚ ਪਹਾੜ ਟੁੱਟਿਆ ਅਤੇ ਹਿਮਾਚਲ ਦੇ ਮੰਡੀ ’ਚ ਬੱਦਲ ਫਟਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪਹਾੜੀ ਸੂਬਿਆਂ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਪਿਛਲੇ 3 ਦਿਨਾਂ ਤੋਂ ਤੇਜ਼ ਮੀਂਹ ਪਿਆ ਹੈ। ਹਿਮਾਚਲ ਦੇ ਮੰਡੀ ਵਿਚ ਚਾਰ ਸਥਾਨਾਂ ’ਤੇ ਬੱਦਲ ਫਟਣ ਦੀਆਂ ਖਬਰਾਂ ਹਨ। ਇਸੇ ਦੌਰਾਨ ਕੁਕਲਾਹ ’ਚ ਇਕ ਪੁਲ ਰੁੜ ਗਿਆ ਅਤੇ ਇਸ ਨਾਲ ਕਈ ਗੱਡੀਆਂ ਵੀ ਪਾਣੀ ਵਿਚ ਰੁੜ ਜਾਣ ਦੀ ਖਬਰ ਹੈ। ਹਿਮਾਚਲ ’ਚ ਇਸ ਤੇਜ਼ ਮੀਂਹ ਕਾਰਨ 4 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ 10 ਤੋਂ ਜ਼ਿਆਦਾ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਇਸ ਦੌਰਾਨ ਬਿਆਸ ਦਰਿਆ ਵਿਚ ਵੀ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੇੜੇ ਪਹੁੰਚ ਗਿਆ ਹੈ। ਪ੍ਰਸ਼ਾਸਨ ਨੇ ਸਥਾਨਕ ਲੋਕਾਂ ਤੇ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਨਦੀ ਨਾਲਿਆਂ ਦੇ ਕੰਢਿਆਂ ’ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਮਨਾਲੀ ਹਾਈਵੇਅ ’ਤੇ ਜ਼ਮੀਨ ਖਿਸਕਣ ਤੇ ਢਿੱਗਾਂ ਡਿੱਗਣ ਕਰਕੇ ਮੰਡੀ ਤੇ ਕੁੱਲੂ ਵਿਚਾਲੇ ਕਈ ਥਾਵਾਂ ’ਤੇ ਸੜਕਾਂ ਬੰਦ ਹੋ ਗਈਆਂ ਹਨ। ਬਹੁਤ ਸਾਰੇ ਯਾਤਰੀ ਰਾਤ ਭਰ ਸੜਕੀ ਸੁਰੰਗਾਂ ਅੰਦਰ ਫਸੇ ਰਹੇ। ਇਸੇ ਦੌਰਾਨ ਉਤਰਾਖੰਡ ਵਿਚ ਕਈ ਥਾਵਾਂ ’ਤੇ ਪਹਾੜ ਖਿਸਕ ਗਏ ਹਨ ਅਤੇ ਪਹਾੜਾਂ ਦਾ ਮਲਬਾ ਸੜਕਾਂ ’ਤੇ ਆ ਗਿਆ ਹੈ।