
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਸ਼ਟਡਾਊਟ ਲਾਗੂ ਹੋ ਗਿਆ ਅਤੇ ਇਸ ਨਾਲ ਸਰਕਾਰੀ ਕੰਮਕਾਜ ਵੀ ਠੱਪ ਹੋ ਗਿਆ ਹੈ। ਹੁਣ ਸਰਕਾਰ ਦੇ ਕੋਲ ਆਪਣੇ ਕਰਮਚਾਰੀਆਂ ਦੀ ਤਨਖਾਹ ਅਤੇ ਹੋਰ ਖਰਚਿਆਂ ਦੇ ਲਈ ਪੈਸਾ ਨਹੀਂ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਸੀਨੇਟ ਕੋਲੋਂ ਫੰਡਿੰਗ ਬਿੱਲ ਨੂੰ ਪਾਸ ਨਹੀਂ ਕਰਵਾ ਸਕੇ। ਇਹ 2019 ਤੋਂ ਬਾਅਦ ਪਹਿਲਾ ਸਰਕਾਰੀ ਸ਼ਟਡਾਊਨ ਹੈ। ਦੱਸਿਆ ਗਿਆ ਕਿ ਲੰਘੀ ਦੇਰ ਰਾਤ ਬਿੱਲ ’ਤੇ ਵੋਟਿੰਗ ਹੋਈ ਅਤੇ ਬਿੱਲ ਦੇ ਸਮਰਥਨ ਵਿਚ 55 ਅਤੇ ਵਿਰੋਧ ਵਿਚ 45 ਵੋਟਾਂ ਪਈਆਂ। ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ 60 ਵੋਟਾਂ ਦੀ ਜ਼ਰੂਰਤ ਸੀ। ਟਰੰਪ ਦੀ ਰਿਪਬਲਿਕ ਪਾਰਟੀ ਨੂੰ ਵਿਰੋਧੀ ਡੈਮੋਕਰੇਟ ਸੰਸਦ ਮੈਂਬਰਾਂ ਦਾ ਸਮਰਥਨ ਜ਼ਰੂਰੀ ਸੀ, ਪਰ ਡੈਮੋਕਰੇਟਾਂ ਨੇ ਬਿੱਲ ਦੇ ਖਿਲਾਫ ਵੋਟ ਪਾਈ। ਧਿਆਨ ਰਹੇ ਕਿ ਅਮਰੀਕਾ ਵਿਚ ਸਰਕਾਰ ਨੂੰ ਹਰ ਸਾਲ ਆਪਣਾ ਬਜਟ ਪਾਸ ਕਰਨਾ ਪੈਂਦਾ ਹੈ। ਜੇਕਰ ਸੰਸਦ ਬਜਟ ’ਤੇ ਸਹਿਮਤ ਨਹੀਂ ਹੁੰਦੀ ਤਾਂ ਫੰਡਿੰਗ ਬਿੱਲ ਪਾਸ ਨਹੀਂ ਹੁੰਦਾ ਅਤੇ ਸਰਕਾਰ ਨੂੰ ਮਿਲਣ ਵਾਲਾ ਪੈਸਾ ਰੁਕ ਜਾਂਦਾ ਹੈ। ਇਸ ਕਰਕੇ ਕੁਝ ਸਰਕਾਰੀ ਵਿਭਾਗਾਂ ਨੂੰ ਪੈਸੇ ਨਹੀਂ ਮਿਲਦੇ ਅਤੇ ਗੈਰਜ਼ਰੂਰੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਨੂੰ ਹੀ ਸਰਕਾਰੀ ਸ਼ਟਡਾਊਨ ਕਿਹਾ ਜਾਂਦਾ ਹੈ।

