
ਇੰਗਲਿਸ਼ ਸਪੀਕਿੰਗ ਟੈਸਟ ਕੀਤਾ ਗਿਆ ਲਾਜ਼ਮੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਵਿਚ ਡਰਾਈਵਿੰਗ ਸਕਿਲ ਦੇ ਅਧਾਰ ’ਤੇ ਨੌਕਰੀ ਦੀ ਤਲਾਸ਼ ਵਿਚ ਗਏ ਪੰਜਾਬੀ ਨੌਜਵਾਨਾਂ ’ਤੇ ਡੋਨਾਲਡ ਟਰੰਪ ਸਰਕਾਰ ਨੇ ਸਖਤੀ ਕਰ ਦਿੱਤੀ ਹੈ। ਅਮਰੀਕਾ ਵਿਚ ਟਰੱਕ ਚਲਾਉਣ ਵਾਲੇ ਨੌਜਵਾਨਾਂ ਲਈ ਇੰਗਲਿਸ਼ ਸਪੀਕਿੰਗ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ ਅਤੇ ਇਸਦੇ ਲਈ ਹੁਣ ਟੈਸਟ ਵੀ ਲਏ ਜਾ ਰਹੇ ਹਨ। ਪੰਜਾਬ ਦੇ ਟਰੱਕ ਡਰਾਈਵਰਾਂ ਕੋਲੋਂ ਹੋਏ ਹਾਦਸਿਆਂ ਤੋਂ ਬਾਅਦ ਟਰੰਪ ਸਰਕਾਰ ਨੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਔਨ ਰੋਡ ਟਰੱਕ ਡਰਾਈਵਰਾਂ ਨੂੰ ਰੋਕ ਕੇ ਵੀ ਇੰਗਲਿਸ਼ ਸਪੀਕਿੰਗ ਟੈਸਟ ਲੈ ਰਹੀ ਹੈ। ਇਸ ਟੈਸਟ ਵਿਚ ਹੁਣ ਤੱਕ ਗੈਰ-ਅਮਰੀਕੀ 7 ਹਜ਼ਾਰ ਤੋਂ ਜ਼ਿਆਦਾ ਟਰੱਕ ਡਰਾਈਵਰ ਫੇਲ੍ਹ ਵੀ ਹੋ ਚੁੱਕੇ ਹਨ ਅਤੇ ਇਨ੍ਹਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਹਨ। ਇਸ ਸਬੰਧੀ ਅਮਰੀਕਾ ਦੇ ਟਰਾਂਸਪੋਰਟ ਸੈਕਟਰੀ ਸੀਨ ਡਫੀ ਦਾ ਕਹਿਣਾ ਹੈ ਕਿ ਅਮਰੀਕੀ ਟਰਾਂਸਪੋਰਟ ਲਾਅ ਵਿਚ ਸਾਰੇ ਟਰੱਕ ਡਰਾਈਵਰਾਂ ਦੇ ਲਈ ਅੰਗਰੇਜ਼ੀ ਵਿਚ ਟਰੈਫਿਕ ਸਾਈਨ ਪੜ੍ਹਨਾ ਅਤੇ ਅੰਗਰੇਜ਼ੀ ਬੋਲਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਇਸ ਸਮੇਂ ਅਮਰੀਕਾ ਵਿਚ ਡੇਢ ਲੱਖ ਦੇ ਕਰੀਬ ਪੰਜਾਬੀ ਡਰਾਈਵਰ ਹਨ।

