ਅਰਬ ਦੇਸ਼ਾਂ ਵਿੱਚੋਂ ਪਰਤੀਆਂ ਲੜਕੀਆਂ ਨੇ ਕੀਤੇ ਕਈ ਖੁਲਾਸੇ
ਜਲੰਧਰ/ਬਿਊਰੋ ਨਿਊਜ਼
ਅਰਬ ਦੇਸ਼ਾਂ ਵਿੱਚੋਂ ਪਰਤੀਆਂ ਸੱਤ ਲੜਕੀਆਂ ਵਿੱਚੋਂ ਦੋ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਹੈ। ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਉੱਥੇ ਉਨ੍ਹਾਂ ਉੱਪਰ ਮਾਨਸਿਕ ਅਤੇ ਸਰੀਰਕ ਤਸ਼ੱਦਦ ਕੀਤਾ ਜਾਂਦਾ ਸੀ। ਇਨ੍ਹਾਂ ਲੜਕੀਆਂ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ। ਟਰੈਵਲ ਏਜੰਟ ਹੁਣ ਦਿੱਲੀ ਦੀ ਥਾਂ ਮੁੰਬਈ ਰਾਹੀਂ ਅਰਬ ਦੇਸ਼ਾਂ ਨੂੰ ਲੜਕੀਆਂ ਭੇਜਦੇ ਹਨ। ਸੰਤ ਸੀਚੇਵਾਲ ਨੇ ਇਰਾਕ ਅਤੇ ਮਸਕਟ ਵਿੱਚੋਂ ਆਈਆਂ ਇਨ੍ਹਾਂ ਲੜਕੀਆਂ ਦੀਆਂ ਤਕਲੀਫਾਂ ਸੁਣਨ ਮਗਰੋਂ ਮੋਗਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਪੀੜਤ ਲੜਕੀਆਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਨ। ਸੀਚੇਵਾਲ ਨੇ ਕਿਹਾ ਕਿ ਜਦੋਂ ਤੱਕ ਅਜਿਹੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਮਨੁੱਖੀ ਤਸਕਰੀ ਨੂੰ ਠੱਲ੍ਹ ਨਹੀਂ ਪੈ ਸਕਦੀ ਹੈ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੜਕੀਆਂ ਘਰ ਪਰਤ ਸਕੀਆਂ ਹਨ।