ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ : ਡੱਲੇਵਾਲ ਤੇ ਪੰਧੇਰ ’ਚ ਆਪਸੀ ਸਹਿਮਤੀ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 20ਵੇਂ ਦਿਨ ਵੀ ਜਾਰੀ ਰਿਹਾ। ਇਸ ਦੇ ਚੱਲਦਿਆਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਚਿੰਤਾਜਨਕ ਹੁੰਦੀ ਜਾ ਰਹੀ ਹੈ। ਡੱਲੇਵਾਲ ਨੂੰ ਮਿਲਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਪਹੁੰਚ ਵੀ ਰਹੇ ਹਨ, ਪਰ ਮਸਲੇ ਦਾ ਹੱਲ ਕੋਈ ਨਹੀਂ ਨਿਕਲ ਰਿਹਾ ਹੈ। ਉਧਰ ਦੂਜੇ ਪਾਸੇ ਕਿਸਾਨ ਆਗੂ ਰੁਲਦੂੁ ਸਿੰਘ ਮਾਨਸਾ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ’ਚ ਆਪਸੀ ਸਹਿਮਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਮਰਨ ਵਰਤ ’ਤੇ ਬੈਠਾ ਹੈ ਅਤੇ ਦੂਜਾ ਜਥੇ ਰਵਾਨਾ ਕਰ ਰਿਹਾ ਹੈ। ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਉਹ ਜੇ ਸਾਡੀ ਹਮਾਇਤ ਚਾਹੁੰਦੇ ਹਨ ਤਾਂ ਡੱਲੇਵਾਲ ਮਰਨ ਵਰਤ ਛੱਡ ਕੇ ਸਾਡੀਆਂ ਜਥੇਬੰਦੀਆਂ ਨਾਲ ਮੀਟਿੰਗ ਕਰੇ ਫਿਰ ਸੋਚਾਂਗੇ ਕਿ ਅੰਦੋਲਨ ਕਿਸ ਤਰ੍ਹਾਂ ਲੜਨਾ ਹੈ।