
ਮੁੱਖ ਚੋਣ ਅਧਿਕਾਰੀ ਨੇ ਤਿਆਰੀਆਂ ਕੀਤੀਆਂ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼
ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਪੰਜਾਬ ਵਿਚ ਵੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਹੋਣ ਜਾ ਰਹੀ ਹੈ। ਪੰਜਾਬ ਵਿਚ ਐਸ.ਆਈ.ਆਰ. (ਸਪੈਸ਼ਲ ਇਨਟੈਨਸ਼ਿਵ ਰੀਵਿਊ) ਦਾ ਕੰਮ ਆਉਂਦੇ ਫਰਵਰੀ ਜਾਂ ਮਾਰਚ ਮਹੀਨੇ ਵਿਚ ਸ਼ੁਰੂ ਹੋ ਜਾਵੇਗਾ। ਪੰਜਾਬ ਦੇ ਚੀਫ ਇਲੈਕਟੋਰਲ ਅਫਸਰ (ਸੀਈਓ) ਨੇ ਵੀ ਐਸ.ਆਈ.ਆਰ. ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਕੇਂਦਰੀ ਚੋਣ ਕਮਿਸ਼ਨ ਨੇ ਸਾਰੇ ਰਾਜਾਂ ਦੇ ਚੋਣ ਅਧਿਕਾਰੀਆਂ ਨਾਲ ਇਕ ਵਰਚੂਅਲ ਮੀਟਿੰਗ ਕੀਤੀ ਅਤੇ ਪੰਜਾਬ ਵਿਚ ਫਰਵਰੀ ਜਾਂ ਮਾਰਚ ਮਹੀਨੇ ਦੌਰਾਨ ਐਸ.ਆਈ.ਆਰ. ਸ਼ੁਰੂ ਕਰਨ ਬਾਰੇ ਗੱਲ ਕੀਤੀ ਗਈ। ਕੇਂਦਰੀ ਚੋਣ ਕਮਿਸ਼ਨ ਦੀ ਹਦਾਇਤ ਤੋਂ ਬਾਅਦ ਸੀ.ਈ.ਓ. ਪੰਜਾਬ ਨੇ ਵੋਟਰ ਸੂਚੀਆਂ ਦੀ ਗੜਬੜੀ ਨੂੰ ਠੀਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੀਫ ਇਲੈਕਟੋਰਲ ਪੰਜਾਬ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਪੋਲਿੰਗ ਬੂਥਾਂ ’ਤੇ ਇਲੈਕਟੋਰਲ ਮੈਪਿੰਗ ਪਰਸੈਂਟ 50 ਫੀਸਦੀ ਤੋਂ ਘੱਟ ਹੈ, ਉਨ੍ਹਾਂ ਦੀਆਂ ਵੋਟਰ ਸੂਚੀਆਂ ਦੀਆਂ ਗਲਤੀਆਂ ਨੂੰ ਠੀਕ ਕਰਵਾਓ ਅਤੇ ਉਨ੍ਹਾਂ ਦਾ ਮੈਪਿੰਗ ਪਰਸੈਂਟ ਸੁਧਾਰੋ।

