ਪੰਜਾਬ ਦਾ ਮੁੱਲਾਂਪੁਰ ਤੇ ਹਰਿਆਣਾ ਦੇ ਫਰੀਦਾਬਾਦ ਤੇ ਗੁਰੂਗ੍ਰਾਮ ਵੀ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਸ਼ਵ ਦੇ ਸਿਖਰਲੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 13 ਭਾਰਤ ਵਿਚ ਹਨ ਤੇ ਅਸਾਮ ਦਾ ਬਰਨੀਹਾਟ ਇਸ ਸੂਚੀ ਵਿਚ ਸਭ ਤੋਂ ਉੱਤੇ ਹੈ। ਸੂਚੀ ਵਿਚ ਪੰਜਾਬ ਦਾ ਮੁੱਲਾਂਪੁਰ ਅਤੇ ਹਰਿਆਣਾ ਦਾ ਫਰੀਦਾਬਾਦ ਤੇ ਗੁਰੂਗ੍ਰਾਮ ਵੀ ਸ਼ਾਮਲ ਹਨ। ਪਿਛਲੇ ਦਿਨੀਂ ਪ੍ਰਕਾਸ਼ਿਤ ਨਵੀਂ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਸਵਿਟਜ਼ਰਲੈਂਡ ਦੀ ਹਵਾ ਗੁਣਵੱਤਾ ਤਕਨਾਲੋਜੀ ਕੰਪਨੀ ‘ਆਈਕਿਊਏਅਰ’ ਦੀ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2024 ਵਿਚ ਕਿਹਾ ਗਿਆ ਹੈ ਕਿ ਦਿੱਲੀ ਆਲਮੀ ਪੱਧਰ ‘ਤੇ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਸ਼ਹਿਰ ਬਣਿਆ ਹੋਇਆ ਹੈ ਜਦੋਂਕਿ ਭਾਰਤ 2024 ਵਿਚ ਕੁੱਲ ਆਲਮ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਮੁਲਕ ਬਣ ਗਿਆ ਹੈ।
2023 ਵਿਚ ਇਸ ਸੂਚੀ ਵਿਚ ਭਾਰਤ ਤੀਜੇ ਸਥਾਨ ‘ਤੇ ਸੀ। ਗੁਆਂਢੀ ਮੁਲਕ ਪਾਕਿਸਤਾਨ ਦੇ ਚਾਰ ਸ਼ਹਿਰ ਤੇ ਚੀਨ ਦਾ ਇਕ ਸ਼ਹਿਰ ਵਿਸ਼ਵ ਦੇ ਸਿਖਰਲੇ 20 ਪ੍ਰਦੂਸ਼ਤ ਸ਼ਹਿਰਾਂ ਵਿਚ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 2024 ‘ਚ ਪੀਐੱਮ 2.5 ਕੰਸਨਟਰੇਸ਼ਨ ਵਿਚ ਸੱਤ ਫੀਸਦ ਦਾ ਨਿਘਾਰ ਦੇਖਿਆ ਗਿਆ ਹੈ, ਜੋ 2023 ਵਿਚ 54.4 ਮਾਈਕਰੋਗ੍ਰਾਮ ਪ੍ਰਤੀ ਵਰਗ ਮੀਟਰ ਦੇ ਮੁਕਾਬਲੇ ਔਸਤਨ 50.6 ਮਾਈਕਰੋਗ੍ਰਾਮ ਪ੍ਰਤੀ ਵਰਗ ਮੀਟਰ ਹੈ। ਵਿਸ਼ਵ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ 13 ਭਾਰਤ ਵਿਚ ਹਨ। ਦਿੱਲੀ ਵਿਚ ਹਵਾ ਪ੍ਰਦੂਸ਼ਣ ਦੀ ਹਾਲਤ ਗੰਭੀਰ ਹੈ। ਸਾਲਾਨਾ ਔਸਤ ਪੀਐੱਮ 2.5 ਦੀ ਕੰਸਨਟਰੇਸ਼ਨ 2023 ਵਿਚ 102.4 ਮਾਈਕਰੋਗ੍ਰਾਮ ਪ੍ਰਤੀ ਵਰਗ ਮੀਟਰ ਤੋਂ ਵੱਧ ਕੇ 2024 ਵਿਚ 108.3 ਮਾਈਕਰੋਗ੍ਰਾਮ ਪ੍ਰਤੀ ਵਰਗ ਮੀਟਰ ਹੋ ਗਈ। ਵਿਸ਼ਵ ਦੇ ਸਿਖਰਲੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਭਾਰਤ ‘ਚ ਅਸਾਮ ਦਾ ਸ਼ਹਿਰ ਬਰਨੀਹਾਟ, ਦਿੱਲੀ, ਪੰਜਾਬ ਦਾ ਮੁੱਲਾਂਪੁਰ, ਹਰਿਆਣਾ ਦਾ ਫਰੀਦਾਬਾਦ, ਗੁਰੂਗ੍ਰਾਮ, ਯੂਪੀ ਦੇ ਗਾਜ਼ੀਆਬਾਦ ਜ਼ਿਲ੍ਹੇ ਵਿਚ ਲੋਨੀ, ਨੌਇਡਾ, ਗ੍ਰੇਟਰ ਨੌਇਡਾ, ਮੁਜ਼ੱਫਰਨਗਰ, ਰਾਜਸਥਾਨ ਵਿਚ ਗੰਗਾਨਗਰ, ਭਿਵਾੜੀ ਤੇ ਹਨੂਮਾਨਗੜ੍ਹ ਸ਼ਾਮਲ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 35 ਫੀਸਦ ਭਾਰਤੀ ਸ਼ਹਿਰਾਂ ਵਿਚ ਸਾਲਾਨਾ ਪੀਐੱਮ 2.5 ਦਾ ਪੱਧਰ ਆਲਮੀ ਸਿਹਤ ਸੰਗਠਨ ਵੱਲੋਂ ਨਿਰਧਾਰਿਤ ਹੱਦ ਪੰਜ ਮਾਈਕਰੋਗ੍ਰਾਮ ਪ੍ਰਤੀ ਵਰਗ ਮੀਟਰ ਤੋਂ 10 ਗੁਣਾ ਵੱਧ ਹੈ।
ਅਸਾਮ ਤੇ ਮੇਘਾਲਿਆ ਦੀ ਸਰਹੱਦ ‘ਤੇ ਸਥਿਤ ਸ਼ਹਿਰ ਬਰਨੀਹਾਟ ਵਿਚ ਪ੍ਰਦੂਸ਼ਣ ਦਾ ਸਿਖਰਲਾ ਪੱਧਰ ਸਿਖਰਲੇ ਕਾਰਖਾਨਿਆਂ ਤੋਂ ਨਿਕਲਣ ਵਾਲੀ ਨਿਕਾਸੀ ਕਰਕੇ ਹੈ, ਜਿਸ ਵਿਚ ਸ਼ਰਾਬ ਦੀਆਂ ਡਿਸਟਿਲਰੀਜ਼, ਲੋਹਾ ਤੇ ਸਟੀਲ ਪਲਾਂਟ ਸ਼ਾਮਲ ਹਨ।
Check Also
ਏਅਰਟੈਲ ਤੋਂ ਬਾਅਦ ਜਿਓ ਦੀ ਵੀ ਹੋਈ ਸਪੇਸ ਐਕਸ ਨਾਲ ਡੀਲ
ਦੇਸ਼ ’ਚ ਸੈਟੇਲਾਈਟ ਰਾਹੀਂ ਮਿਲੇਗੀ ਉਪਭੋਗਤਾਵਾਂ ਨੂੰ ਇੰਟਰਨੈਟ ਦੀ ਸਹੂਲਤ ਮੁੰਬਈ/ਬਿਊਰੋ ਨਿਊਜ਼ : ਏਅਰਟੈਲ ਤੋਂ …