
ਚੰਡੀਗੜ੍ਹ ਨੇੜੇ ਛੱਤਬੀੜ ਚਿੜੀਆਘਰ ’ਚ ਵੀ ਅੱਗ ਲੱਗਣ ਕਾਰਨ ਡੇਢ ਦਰਜਨ ਈ-ਰਿਕਸ਼ਾ ਸੜ ਕੇ ਹੋਏ ਸੁਆਹ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਸਥਾਨ ਵਿਚ ਜੈਪੁਰ ਦਿਹਾਤੀ ਜ਼ਿਲ੍ਹੇ ਦੇ ਸ਼ਾਹਪੁਰਾ ਸਬ-ਡਵੀਜ਼ਨ ਦੇ ਮਨੋਹਰਪੁਰ ਥਾਣਾ ਖੇਤਰ ਵਿਚ ਅੱਜ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਟੋਡੀ ਪਿੰਡ ਵਿਚ ਇੱਟਾਂ ਦੇ ਭੱਠੇ ਵੱਲ ਮਜ਼ਦੂਰਾਂ ਨੂੰ ਲਿਜਾ ਰਹੀ ਇਕ ਬੱਸ 11 ਹਜ਼ਾਰ ਵੋਲਟ ਦੀ ਹਾਈ-ਟੈਨਸ਼ਨ ਲਾਈਨ ਦੇ ਸੰਪਰਕ ਵਿਚ ਆ ਗਈ। ਕੁਝ ਹੀ ਪਲਾਂ ਵਿਚ ਬੱਸ ਵਿਚੋਂ ਕਰੰਟ ਲੰਘਿਆ ਅਤੇ ਇਕ ਚੰਗਿਆੜੀ ਨਾਲ ਬੱਸ ਵਿਚ ਅੱਗ ਲੱਗ ਗਈ। ਇਸ ਬੱਸ ਵਿਚ ਸਵਾਰ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਦੇ ਕਰੀਬ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲਾਂ ਵਿਚ ਦਾਖਲ ਕਰਵਾਇਆ। ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁੱਢਲੀ ਜਾਂਚ ਤੋਂ ਇਹ ਪਤਾ ਲੱਗਦਾ ਹੈ ਕਿ ਬੱਸ ਹਾਈ-ਟੈਨਸ਼ਨ ਲਾਈਨ ਦੇ ਬਹੁਤ ਨੇੜਿਓਂ ਲੰਘੀ ਸੀ। ਉਧਰ ਦੂਜੇ ਪਾਸੇ ਚੰਡੀਗੜ੍ਹ ਨੇੜਲੇ ਛੱਤਬੀੜ ਚਿੜੀਆਘਰ ਵਿੱਚ ਵੀ ਅੱਗ ਲੱਗ ਗਈ, ਜਿਸ ਕਾਰਨ ਡੇਢ ਦਰਜਨ ਦੇ ਕਰੀਬ ਈ-ਰਿਕਸ਼ਾ ਸੜ ਕੇ ਸੁਆਹ ਹੋ ਗਏ।

