
ਪਟਿਆਲਾ/ਬਿਊੁਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਚ ਕਿਹਾ ਕਿ ਪੁਲਿਸ ਦੀ ਕਾਬਲੀਅਤ ਉਪਰ ਕੋਈ ਵੀ ਸ਼ੱਕ ਨਹੀਂ ਹੈ, ਪਰ ਪੁਲਿਸ ਮਹਿਕਮੇ ਦਾ ਸਮੇਂ ਦਾ ਹਾਣੀ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਅਪਡੇਟ ਕਰਨ ਲਈ ਨਿਵੇਕਲਾ ਪ੍ਰੋਗਰਾਮ ਉਲੀਕਿਆ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੱਕਾ-ਦੁੱਕਾ ਮਾੜਾ ਵਿਅਕਤੀ ਹਰ ਕਿਤੇ ਹੁੰਦਾ ਹੈ, ਜਿਸ ਕਰਕੇ ਸਾਰਿਆਂ ਨੂੰ ਬਦਨਾਮੀ ਝੱਲਣੀ ਪੈਂਦੀ ਹੈ। ਸੀਐਮ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਅਸੀਂ ਮਾੜਿਆਂ ਦੀ ਸੂਚੀ ਵਿਚ ਨਹੀਂ, ਸਗੋਂ ਚੰਗਿਆਂ ਦੀ ਸੂਚੀ ਵਿਚ ਸ਼ਾਮਲ ਹੋਣ ਲਈ ਪੰਜਾਬ ਦੀ ਸੇਵਾ ਕਰਨੀ ਹੈ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪੁਲਿਸ ਮਹਿਕਮੇ ਨੂੰ ਅਪਡੇਟ ਕਰਨ ਦੇ ਨਾਲ-ਨਾਲ ਖਾਲੀ ਅਸਾਮੀਆਂ ਨੂੰ ਵੀ ਨਾਲੋ-ਨਾਲ ਭਰ ਰਹੀ ਹੈ। ਮੁੱਖ ਮੰਤਰੀ ਮਾਨ ਪਟਿਆਲਾ ਵਿਖੇ ਲਾਅ ਯੂਨੀਵਰਸਿਟੀ ’ਚ ਪੰਜਾਬ ਪੁਲਿਸ ਦੇ ਤਫਤੀਸੀ ਅਫਸਰਾਂ ਲਈ ਐਨ.ਡੀ.ਪੀ.ਐਸ. ਐਕਟ ਸਬੰਧੀ ਵਰਕਸ਼ਾਪ ਦਾ ਉਦਘਾਟਨ ਕਰਨ ਪਹੁੰਚੇ ਸਨ।

