7.8 C
Toronto
Thursday, October 30, 2025
spot_img
Homeਪੰਜਾਬਕੇਂਦਰੀ ਸਿਹਤ ਮੰਤਰਾਲਾ ਰੁਕੇ ਫੰਡ ਜਾਰੀ ਕਰੇ : ਡਾ. ਬਲਬੀਰ ਸਿੰਘ

ਕੇਂਦਰੀ ਸਿਹਤ ਮੰਤਰਾਲਾ ਰੁਕੇ ਫੰਡ ਜਾਰੀ ਕਰੇ : ਡਾ. ਬਲਬੀਰ ਸਿੰਘ

ਡਾ. ਬਲਬੀਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਨਾਲ ਕੀਤੀ ਮੁਲਾਕਾਤ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਪੁੱਜੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁੱਖ ਮਾਂਡਵੀਆ ਨਾਲ ਮੁਲਾਕਾਤ ਕਰਕੇ ਸੂਬੇ ਦੇ ਸਿਹਤ ਸਬੰਧੀ ਮਸਲੇ ਉਭਾਰੇ ਤੇ ਮੰਗਾਂ ਬਾਰੇ ਪੱਤਰ ਸੌਂਪਿਆ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਨੇ ਰੁਕੇ ਹੋਏ ਫੰਡ ਵੀ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਲਈ ਕ੍ਰਿਟੀਕਲ ਕੇਅਰ ਯੂਨਿਟ ਬਣਾਉਣ ਨੂੰ ਵੀ ਪ੍ਰਵਾਨ ਕੀਤਾ ਹੈ, ਜਿਸ ਲਈ ਪੰਜਾਬ ਵੱਲੋਂ ਜਲਦ ਹੀ ਇੱਕ ਵਿਸਥਾਰਤ ਤਜਵੀਜ਼ ਬਣਾ ਕੇ ਭੇਜੀ ਜਾਵੇਗੀ।
ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਿਹਤ ਸੇਵਾਵਾਂ ਤੇ ਮੈਡੀਕਲ ਸਿੱਖਿਆ ‘ਚ ਵੱਡੇ ਸੁਧਾਰਾਂ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸਾਰੇ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਇੱਕ ਸਾਂਝੀ ਮੀਟਿੰਗ ਕੀਤੇ ਜਾਣ ਦੇ ਸੁਝਾਅ ਨੂੰ ਕੇਂਦਰੀ ਮੰਤਰੀ ਨੇ ਪ੍ਰਵਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਕ੍ਰਿਟੀਕਲ ਕੇਅਰ ਯੂਨਿਟਾਂ ‘ਚ ਤਾਇਨਾਤ ਸਟਾਫ਼ ਦੀ ਵਿਸ਼ੇਸ਼ ਸਿਖਲਾਈ ਕਰਵਾਉਣ ਦੀ ਸਲਾਹ ਦੀ ਵੀ ਸ਼ਲਾਘਾ ਕੀਤੀ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਵੱਲੋਂ ਦਿੱਤੇ ਹਾਂ ਪੱਖੀ ਹੁੰਗਾਰੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਉਮੀਦ ਹੈ ਕਿ ਸੂਬੇ ਦੇ ਨਾਗਰਿਕਾਂ ਨੂੰ ਹੋਰ ਵੀ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਕੋਹਲੀ ਨੇ ਕੇਂਦਰੀ ਸਿਹਤ ਮੰਤਰੀ ਦਾ ਪਟਿਆਲਾ ਪੁੱਜਣ ‘ਤੇ ਸਵਾਗਤ ਕੀਤਾ।
ਇਸ ਮਗਰੋਂ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਰਾਜਪੁਰਾ ‘ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਖੇਤੀ ਸੈਕਟਰ ਵਿਚ ਇਕ ਵੱਡੀ ਤਬਦੀਲੀ ਹੋ ਰਹੀ ਹੈ। ਮਹਿੰਗੀਆਂ ਦਵਾਈਆਂ ਬਾਰੇ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਨ ਲਈ 9000 ਤੋਂ ਜ਼ਿਆਦਾ ਜੈਨਰਿਕ ਮੈਡੀਕਲ ਸਟੋਰ ਖੋਲ੍ਹੇ ਹਨ। ਇਸ ਮੌਕੇ ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ, ਸੁਰਜੀਤ ਸਿੰਘ ਗੜੀ ਤੇ ਹੋਰਾਂ ਨੇ ਮਾਂਡਵੀਆ ਤੇ ਸੂਬਾ ਸਕੱਤਰ ਜੈਸਮੀਨ ਸੰਧਾਵਾਲੀਆ ਦਾ ਸਨਮਾਨ ਕੀਤਾ ਅਤੇ ਰਾਜਪੁਰਾ ਨੂੰ ਜ਼ਿਲ੍ਹਾ ਬਣਾਉਣ ਲਈ ਮੰਗ ਪੱਤਰ ਦਿੱਤਾ।
ਪਰਨੀਤ ਕੌਰ ਵੱਲੋਂ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ
ਪਟਿਆਲਾ : ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਟਿਆਲਾ ਪੁੱਜੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁੱਖ ਮਾਂਡਵੀਆ ਨਾਲ ਮੁਲਾਕਾਤ ਕੀਤੀ। ਇਸ ਨੂੰ ਭਾਵੇਂ ਗੈਰਰਸਮੀ ਮੁਲਾਕਾਤ ਦੱਸਿਆ ਜਾ ਰਿਹਾ ਹੈ ਪਰ ਸਿਆਸੀ ਹਲਕਿਆਂ ‘ਚ ਚਰਚਾ ਹੈ ਕਿ ਇਸ ਦੌਰਾਨ ਦੋਵਾਂ ਆਗੂਆਂ ਨੇ ਕਿਸੇ ਅਹਿਮ ਮਾਮਲੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਹਾਈ ਕਮਾਨ ਨੇ ਪ੍ਰਨੀਤ ਕੌਰ ‘ਤੇ ਭਾਜਪਾ ਪੱਖੀ ਸਰਗਰਮੀਆਂ ‘ਚ ਸ਼ਾਮਲ ਹੋਣ ਦਾ ਆਰੋਪ ਲਾਉਂਦਿਆਂ ਨੋਟਿਸ ਜਾਰੀ ਕੀਤਾ ਸੀ ਤੇ ਇਸ ਦੇ ਜਵਾਬ ‘ਚ ਪ੍ਰਨੀਤ ਕੌਰ ਨੇ ਕਿਹਾ ਸੀ ਕਿ ਇੱਕ ਸੰਸਦ ਮੈਂਬਰ ਹੋਣ ਨਾਤੇ ਉਹ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਮਿਲ ਸਕਦੇ ਹਨ।

 

RELATED ARTICLES
POPULAR POSTS