ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਦੱਸਿਆ ਨਕਾਰਾ ਵਿਅਕਤੀ
ਕਿਹਾ : ਅਮਰੀਕਾ ਨੂੰ ਨਰਕ ਵੱਲ ਧੱਕ ਰਹੇ ਨੇ ਬਾਈਡਨ
ਵਾਸ਼ਿੰਗਟਨ/ਬਿਊਰੋ ਨਿਊਜ਼ : ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ’ਤੇ ਤਿੱਖਾ ਹਮਲਾ ਕਰਦੇ ਹੋਏ ਬਾਈਡਨ ਨੂੰ ਨਕਾਰਾ ਵਿਅਕਤੀ ਦੱਸਿਆ ਹੈ। ਟਰੰਪ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਪਾਗਲ ਹੋ ਗਏ ਹਨ ਅਤੇ ਉਹ ਦੇਸ਼ ਨੂੰ ਤੀਜੇ ਵਿਸ਼ਵ ਯੁੱਧ ਵੱਲ ਲੈ ਜਾਣਗੇ। ਮੀਡੀਆ ਰਿਪੋਰਟਾਂ ਅਨੁਸਾਰ ਇਕ ਵੀਡੀਓ ’ਚ ਡੋਨਾਲਡ ਟਰੰਪ ਕਹਿੰਦੇ ਹਨ ਕਿ ਜੋ ਬਾਈਡਨ ਨਾ ਕੇਵਲ ਮੂਰਖ ਅਤੇ ਨਕਾਰਾ ਵਿਅਕਤੀ ਹੈ ਬਲਕਿ ਉਹ ਪਾਗਲ ਹੋ ਗਏ ਹਨ। ਉਨ੍ਹਾਂ ਨੇ ਦੇਸ਼ ’ਚ ਖਤਰਨਾਕ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਇਕ ਮਾਨਸਿਕ ਸਮੱਸਿਆ ਹੈ ਜੋ ਸਾਡੇ ਦੇਸ਼ ਨੂੰ ਨਰਕ ਵੱਲ ਲਿਜਾ ਰਹੀ ਹੈ ਅਤੇ ਇਸ ਵਿਅਕਤੀ ਕਾਰਨ ਤੀਜਾ ਵਿਸ਼ਵ ਯੁੱਧ ਛਿੜ ਸਕਦਾ ਹੈ। ਡੋਨਾਲਡ ਟਰੰਪ 2024 ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਹਿੱਸਾ ਲੈਣਗੇ ਜਦਕਿ 2020 ਦੀਆਂ ਰਾਸ਼ਟਰਪਤੀ ਚੋਣਾਂ ’ਚ ਗੜਬੜੀ ਕਰਨ ਦੇ ਮਾਮਲੇ ’ਚ ਉਹ ਕੋਰਟ ਟ੍ਰਾਇਲ ਦਾ ਵੀ ਸਾਹਮਣਾ ਕਰ ਰਹੇ ਹਨ। 2020 ਦੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੇ ਯਤਨਾਂ ਨਾਲ ਜੁੜੇ 13 ਆਰੋਪਾਂ ਦਾ ਸਾਹਮਣਾ ਕਰਦੇ ਹੋਏ ਟਰੰਪ ਨੇ 26 ਅਗਸਤ ਨੂੰ ਜਾਰਜੀਆ ਦੇ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ।