Breaking News
Home / ਪੰਜਾਬ / ਪੀਆਰਟੀਸੀ ਬਠਿੰਡਾ ਡਿਪੂ ਨੇ ਚਿੰਤਪੁਰਨੀ ਯਾਤਰਾ ਲਈ ਬੱਸਾਂ ਦੇਣ ਤੋਂ ਹੱਥ ਖੜ੍ਹੇ ਕੀਤੇ

ਪੀਆਰਟੀਸੀ ਬਠਿੰਡਾ ਡਿਪੂ ਨੇ ਚਿੰਤਪੁਰਨੀ ਯਾਤਰਾ ਲਈ ਬੱਸਾਂ ਦੇਣ ਤੋਂ ਹੱਥ ਖੜ੍ਹੇ ਕੀਤੇ

10407CD-_TEERATH-YATRA02-NEW copy copyਬਠਿੰਡਾ/ਬਿਊਰੋ ਨਿਊਜ਼
ਪੀ.ਆਰ.ਟੀ.ਸੀ. ਨੇ ਚਿੰਤਪੁਰਨੀ ਦੀ ਤੀਰਥ ਯਾਤਰਾ ਲਈ ਬੱਸਾਂ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਕਾਰਪੋਰੇਸ਼ਨ ਨੂੰ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਹਾਲੇ ਤੱਕ ਨਹੀਂ ਦਿੱਤੀ ਹੈ। ਸਰਕਾਰ ਨੇ ਬਠਿੰਡਾ ਡਿਪੂ ਤੋਂ ਚਿੰਤਪੁਰਨੀ ਯਾਤਰਾ ਲਈ ਦੋ ਬੱਸਾਂ ਦੀ ਮੰਗ ਕੀਤੀ ਤਾਂ ਕਾਰਪੋਰੇਸ਼ਨ ਨੇ ਬੱਸਾਂ ਦੇਣ ਤੋਂ ਇਨਕਾਰ ਕਰ ਦਿੱਤਾ।
ਬਠਿੰਡਾ ਡਿਪੂ ਨੇ ਪਹਿਲਾਂ ਤਾਂ ਇਹ ਬੱਸਾਂ ਦੇਣ ਦੀ ਸਹਿਮਤੀ ਦੇ ਦਿੱਤੀ ਸੀ ਪ੍ਰੰਤੂ ਮਗਰੋਂ ਮੈਨੇਜਮੈਂਟ ਨੇ ਕਾਰਪੋਰੇਸ਼ਨ ਦੀ ਵਿੱਤੀ ਸਥਿਤੀ ਦੇ ਮੱਦੇਨਜ਼ਰ ਨਾਂਹ ਕਰ ਦਿੱਤੀ। ਉਂਜ ਵੀ ਸਾਲਾਸਰ ਯਾਤਰਾ ਦੀ ਗੱਡੀ ਬਾਦਲਾਂ ਦੇ ਹਲਕੇ ਵਿੱਚ ਹੀ ਘੁੰਮ ਰਹੀ ਹੈ, ਜਿਸ ਤੋਂ ਦੂਸਰੇ ਡਿਪਟੀ ਕਮਿਸ਼ਨਰ ਔਖੇ ਹੋ ਗਏ ਹਨ। ਵੇਰਵਿਆਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ ਨੇ ਬਠਿੰਡਾ ਡਿਪੂ ਨੂੰ ਪੱਤਰ ਭੇਜ ਕੇ ਚਿੰਤਪੁਰਨੀ ਯਾਤਰਾ ਲਈ ਦੋ ਬੱਸਾਂ ਦੀ ਮੰਗ ਕੀਤੀ ਸੀ।
ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਹਰਬੰਸ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਦੋ ਬੱਸਾਂ ਚਿੰਤਪੁਰਨੀ ਯਾਤਰਾ ਲਈ ਮੰਗੀਆਂ ਸਨ ਪ੍ਰੰਤੂ ਮੈਨੇਜਮੈਂਟ ਵੱਲੋਂ ਇਸ ਤੋਂ ਇਨਕਾਰ ਕੀਤੇ ਜਾਣ ਮਗਰੋਂ ਉਨ੍ਹਾਂ ਨੇ ਬਠਿੰਡਾ ਪ੍ਰਸ਼ਾਸਨ ਨੂੰ ਪੱਤਰ ਭੇਜ ਕੇ ਬੱਸਾਂ ਦਿੱਤੇ ਜਾਣ ਤੋਂ ਅਸਮਰੱਥਾ ਜ਼ਾਹਰ ਕਰ ਦਿੱਤੀ ਹੈ।
ਦੂਜੇ ਪਾਸੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੇਨਾ ਅਗਰਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਠਿੰਡਾ ਡਿਪੂ ਨੂੰ ਸਿਰਫ ਲੋਕਾਂ ਦੀ ਚਿੰਤਪੁਰਨੀ ਯਾਤਰਾ ਕਰਨ ਦੀ ਮੰਗ ਤੋਂ ਜਾਣੂ ਕਰਾਇਆ ਸੀ। ਸੂਤਰ ਦੱਸਦੇ ਹਨ ਕਿ ਸਰਕਾਰ ਦੇ ਦਬਾਅ ਮਗਰੋਂ ਕਾਰਪੋਰੇਸ਼ਨ ਨੇ ਫ਼ਰੀਦਕੋਟ ਡਿਪੂ ਤੋਂ ਸਿਰਫ ਇੱਕ ਬੱਸ ਚਿੰਤਪੁਰਨੀ ਯਾਤਰਾ ਲਈ ਦੇ ਦਿੱਤੀ।
ਬਠਿੰਡਾ ਡਿਪੂ ਵੱਲੋਂ ਸਾਲਾਸਰ ਯਾਤਰਾ ਲਈ ਸਰਕਾਰ ਨੂੰ ਚਾਰ ਬੱਸਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਰੋਜ਼ਾਨਾ ਦਾ ਖਰਚ ਕਰੀਬ 62 ਹਜ਼ਾਰ ਰੁਪਏ ਆ ਰਿਹਾ ਹੈ। ਬਾਦਲਾਂ ਦੇ ਹਲਕੇ ਬਠਿੰਡਾ ਨੂੰ ਸਾਲਾਸਰ ਯਾਤਰਾ ਦਾ ਗੱਫਾ ਮਿਲਣ ਕਰਕੇ ਬਾਕੀ ਜ਼ਿਲ੍ਹੇ ਨਾਰਾਜ਼ ਹੋ ਗਏ ਹਨ। ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਨੇ 17 ਜੂਨ ਨੂੰ ਪੱਤਰ ਭੇਜ ਕੇ ਇਸ ਨਾਰਾਜ਼ਗੀ ਤੋਂ ਜਾਣੂ ਕਰਾਇਆ ਹੈ। ਪੱਤਰ ਵਿੱਚ ਲਿਖਿਆ ਹੈ ਕਿ ਬਠਿੰਡਾ, ਮਾਨਸਾ, ਫ਼ਰੀਦਕੋਟ ਅਤੇ ਬਰਨਾਲਾ ਤੋਂ ਜ਼ਿਆਦਾਤਾਰ ਲੋਕ ਦਰਸ਼ਨਾਂ ਲਈ ਸਾਲਾਸਰ ਤੇ ਚਿੰਤਪੁਰਨੀ ਲਈ ਜਾਂਦੇ ਹਨ ਪ੍ਰੰਤੂ ਇਨ੍ਹਾਂ ਬੱਸਾਂ ਨੂੰ ਜ਼ਿਆਦਾ ਬਠਿੰਡਾ ਜ਼ਿਲ੍ਹੇ ‘ਚ ਹੀ ਦਿੱਤਾ ਜਾ ਰਿਹਾ ਹੈ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …