ਨਵਰੀਤ ਦੇ ਦਾਦੇ ਨੂੰ ਸੁਪਰੀਮ ਕੋਰਟ ‘ਤੇ ਵੀ ਭਰੋਸਾ ਨਹੀਂ
ਜਲੰਧਰ: ਕਿਸਾਨ ਅੰਦੋਲਨ ‘ਚ ਸ਼ਹਾਦਤ ਪਾਉਣ ਵਾਲੇ ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਡਿਬਡਿਬਾ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਪੁਲਿਸ ਵੱਲੋਂ 26 ਜਨਵਰੀ ਨੂੰ ਕੀਤੀ ਗਈ ਹਿੰਸਾ ਨੂੰ ਕੇਂਦਰ ਬਿੰਦੂ ‘ਚ ਲਿਆਉਣ। ਉਹ ਜਲੰਧਰ ਵਿਚ ਮੀਡੀਆ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਜੇ ਦੇਸ਼ ਦੇ ਸੰਵਿਧਾਨ ਅਤੇ ਤਿਰੰਗੇ ਨੂੰ ਬਚਾਉਣਾ ਹੈ ਤਾਂ ਘਰਾਂ ‘ਚੋਂ ਬਾਹਰ ਆਉਣ। ਡਿਬਡਿਬਾ ਨੇ ਕਿਹਾ ਕਿ ਉਹ ਇਨਸਾਫ਼ ਦੀ ਲੜਾਈ ਲੜ ਰਹੇ ਹਨ ਪਰ ਸੁਪਰੀਮ ਕੋਰਟ ਵੀ ਸ਼ੱਕ ਦੇ ਘੇਰੇ ਵਿਚ ਆਈ ਹੋਈ ਹੈ। ਇਹ ਦੇਸ਼ ਸੰਵਿਧਾਨ ਤੋਂ ਬਿਨਾਂ ਨਹੀਂ ਚੱਲ ਸਕਦਾ। ਉਨ੍ਹਾਂ ਭਾਜਪਾ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਨਾਲ ਦੇਸ਼ ਨਹੀਂ ਚੱਲ ਸਕਦਾ।
ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਬਾਹਰ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਤਿਰੰਗੇ ਝੰਡੇ ਲਈ ਲੱਖਾਂ ਕੁਰਬਾਨੀਆਂ ਦਿੱਤੀਆਂ ਗਈਆਂ ਹਨ ਤੇ ਲੋਕ ਉੱਜੜ ਕੇ ਇੱਧਰ ਆਏ ਸਨ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ‘ਚ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਲਈ ਕੇਂਦਰ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਉਸ ਦਿਨ ਕਿਸਾਨਾਂ ਨੇ ਨਹੀਂ ਸਗੋਂ ਸਰਕਾਰ ਨੇ ਹਿੰਸਾ ਕੀਤੀ ਸੀ। ਇਸ ਦਾ ਜਿਊਂਦਾ ਜਾਗਦਾ ਸਬੂਤ ਨਵਰੀਤ ਸਿੰਘ ਦੀ ਮੌਤ ਹੈ। ਡਿਬਡਿਬਾ ਦੇ ਨਾਲ ਹਾਜ਼ਰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਨਵਰੀਤ ਸਿੰਘ ਦੀ ਮੌਤ ਪੁਲਿਸ ਗੋਲੀ ਨਾਲ ਹੋਣ ਦੇ ਮੁੱਦੇ ਨੂੰ ਸੰਜੀਦਗੀ ਨਾਲ ਉਭਾਰਦਿਆਂ ਹਵਾਲਾ ਦਿੱਤਾ ਕਿ ਇੰਗਲੈਂਡ ਦੇ ਫੋਰੈਂਸਿਕ ਮਾਮਲਿਆਂ ਦੇ ਮਾਹਿਰ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਨਵਰੀਤ ਸਿੰਘ ਦੇ ਇਕ ਨਹੀਂ ਸਗੋਂ ਦੋ ਗੋਲੀਆਂ ਵੀ ਲੱਗੀਆਂ ਹੋ ਸਕਦੀਆਂ ਹਨ। ਡਿਬਡਿਬਾ ਨੇ 26 ਜਨਵਰੀ ਦੀ ਘਟਨਾ ਦੌਰਾਨ ਕਿਸਾਨ ਜਥੇਬੰਦੀਆਂ ਦੀ ਭੂਮਿਕਾ ‘ਤੇ ਹਿਰਖ ਜ਼ਰੂਰ ਕੀਤਾ ਪਰ ਉਨ੍ਹਾਂ ਕਿਹਾ ਕਿ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਸੰਘਰਸ਼ ਵਿਚ ਜਿੱਤ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਜਥੇਬੰਦੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਬੀਤੇ ‘ਚ ਹੋਈਆਂ ਗਲਤੀਆਂ ਨੂੰ ਮੁੜ ਨਾ ਦੁਹਰਾਉਣ। ਡਿਬਡਿਬਾ ਨੇ ਕਿਹਾ ਕਿ ਉਨ੍ਹਾਂ ਨੇ ਆਪ ਹੀ ਨਵਰੀਤ ਦੇ ਕੇਸ ਦੀ ਪੈਰਵੀ ਕਰਨ ਲਈ ਹਿੰਮਤ ਮਾਰੀ ਹੈ ਅਤੇ ਇਸ ਸਬੰਧੀ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ।
ਖਹਿਰਾ ਨੇ ਨਵਰੀਤ ਦੀ ਮੌਤ ‘ਤੇ ਸਵਾਲ ਖੜ੍ਹੇ ਕੀਤੇ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਵਰੀਤ ਦੀ ਮੌਤ ਦੇ ਮਾਮਲੇ ‘ਤੇ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਨੂੰ ਘੇਰਦਿਆਂ ਸਵਾਲ ਖੜ੍ਹੇ ਕੀਤੇ ਕਿ ਜੇਕਰ ਪੁਲਿਸ ਨਵਰੀਤ ਦੀ ਮੌਤ ਦੁਰਘਟਨਾ ਨਾਲ ਹੋਈ ਦੱਸਦੀ ਹੈ ਤਾਂ ਫਿਰ ਉਸ ਨੇ 174 ਦੀ ਕਾਰਵਾਈ ਕਿਉਂ ਨਹੀਂ ਕੀਤੀ? ਪੋਸਟਮਾਰਟਮ ਦੀ ਰਿਪੋਰਟ ਵਿਚ ਗੋਲੀ ਲੱਗਣ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਜਦਕਿ ਉਥੋਂ ਦੇ ਚਸ਼ਮਦੀਦਾਂ ਨੇ ਗੋਲੀ ਲੱਗਣ ਦਾ ਹੀ ਦਾਅਵਾ ਕੀਤਾ ਸੀ। ਖਹਿਰਾ ਨੇ ਅਪੀਲ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਦੇ ਨੌਜਵਾਨ ਲਾਪਤਾ ਹਨ ਉਹ ਉਨ੍ਹਾਂ ਨਾਲ ਸੰਪਰਕ ਕਰਨ ਤੇ ਜਲਦੀ ਹੀ ਉਹ ਆਪਣੇ ਸਾਥੀਆਂ ਨਾਲ ਫ਼ੈਸਲਾ ਕਰਕੇ ਇਸ ਕਾਰਵਾਈ ਨੂੰ ਅੱਗੇ ਲੈ ਕੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅਜੇ ਤੱਕ ਵੀ 19 ਨੌਜਵਾਨਾਂ ਦਾ ਪਤਾ ਨਹੀਂ ਲੱਗ ਰਿਹਾ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …