8 C
Toronto
Friday, December 19, 2025
spot_img
Homeਪੰਜਾਬਕਾਂਗਰਸੀ ਉਮੀਦਵਾਰ ਲਾਡੀ 'ਤੇ ਕੇਸ ਦਰਜ ਕਰਨ ਵਾਲੇ ਐਸ ਐਚ ਓ ਪਰਮਿੰਦਰ...

ਕਾਂਗਰਸੀ ਉਮੀਦਵਾਰ ਲਾਡੀ ‘ਤੇ ਕੇਸ ਦਰਜ ਕਰਨ ਵਾਲੇ ਐਸ ਐਚ ਓ ਪਰਮਿੰਦਰ ਬਾਜਵਾ ਦਾ ਵੀਡੀਓ ਵਾਇਰਲ

ਵੀਡੀਓ ਮੁਤਾਬਕ ਜਿਸ ਦਿਨ ਮਾਮਲਾ ਦਰਜ ਹੋਇਆ, ਉਸ ਦਿਨ ਜਲੰਧਰ ਦੇ ਹੋਟਲ ‘ਚ ਮਹਿਲਾ ਨਾਲ ਸੀ, ਰੋਜ਼ਨਾਮਚੇ ‘ਚ ਦਿਖਾਈ ਮਹਿਤਪੁਰ ਥਾਣੇ ‘ਚ ਡਿਊਟੀ
ਜਲੰਧਰ/ਬਿਊਰੋ ਨਿਊਜ਼ : ਚੋਣ ਕਮਿਸ਼ਨ ਦੀ ਸ਼ਿਕਾਇਤ ‘ਤੇ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆ ਤੇ ਨਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਮਹਿਤਪੁਰ ਥਾਣੇ ਦੇ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਹੁਣ ਖੁਦ ਹੀ ਵਿਵਾਦਾਂ ‘ਚ ਘਿਰ ਗਏ ਹਨ। ਐਤਵਾਰ ਨੂੰ ਉਨ੍ਹਾਂ ਦਾ ਹੀ ਵੀਡੀਓ ਵਾਇਰਲ ਹੋ ਗਿਆ। ਇਹ ਵੀਡੀਓ ਉਸੇ ਦਿਨ ਦਾ ਹੈ ਜਿਸ ਦਿਨ ਕੇਸ ਦਰਜ ਕੀਤਾ ਗਿਆ ਸੀ। ਰੋਜ਼ਨਾਮਚੇ ਦੇ ਅਨੁਸਾਰ 4 ਮਈ ਨੂੰ ਬਾਜਪਾ ਮਹਿਤਪੁਰ ਥਾਣੇ ‘ਚ ਡਿਊਟੀ ਕਰ ਰਹੇ ਸਨ ਪ੍ਰੰਤੂ ਇਸ ਵੀਡੀਓ ਦੇ ਅਨੁਸਾਰ ਉਹ ਉਸ ਸਮੇਂ ਜਲੰਧਰ ਸਿਟੀ ਦੇ ਹੋਟਲ ਰੇਡੀਸਨ ‘ਚ ਇਕ ਮਹਿਲਾ ਨਾਲ ਸਨ। ਮਹਿਤਪੁਰ ‘ਚ ਲਾਡੀ ‘ਤੇ ਦਰਜ ਮੁਕੱਦਮਾ ਨੰਬਰ 52 ਦੇ ਅਨੁਸਾਰ 4 ਮਈ 2018 ਨੂੰ ਸ਼ਿਕਾਇਤ ਕਰਤਾ ਮੋਹਨ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਸਵੇਰੇ 4:26 ਵਜੇ ਮਾਮਲਾ ਦਰਜ ਕੀਤਾ ਗਿਆ। ਰੋਜਾਨਮਚੇ ‘ਚ ਲਿਖਿਆ ਗਿਆ ਕਿ ਐਸ ਐਚ ਓ ਪਰਮਿੰਦਰ ਬਾਜਵਾ ਕੋਲ ਸਵੇਰੇ 3 ਵਜੇ ਫਾਈਲ ਗਈ। ਉਨ੍ਹਾਂ ਨੇ ਕੇਸ ਦਰਜ ਕਰਨ ਤੋਂ ਬਾਅਦ ਫਾਈਲ ਆਪਣੇ ਕੋਲ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ। ਐਸ ਐਚ ਓ ਬਾਜਵਾ ਦੇ ਅਨੁਸਾਰ ਜਦੋਂ ਲਾਡੀ ਸ਼ੇਰੋਂਵਾਲੀਆ ਅਤੇ ਹੋਰਨਾਂ ‘ਤੇ ਕੇਸ ਦਰਜ ਹੋਇਆ ਤਾਂ ਉਹ 4 ਮਈ ਨੂੰ ਸਵੇਰੇ ਥਾਣੇ ‘ਚ ਮੌਜੂਦ ਸਨ। ਪੁਲਿਸ ਰਿਕਾਰਡ ‘ਚ ਵੀ ਬਾਜਵਾ ਥਾਣੇ ‘ਚ ਸਨ ਅਤੇ ਕੇਸ ਦਰਜ ਕਰ ਲਿਆ ਗਿਆ। ਜੇਕਰ ਬਾਜਵਾ ਥਾਣੇ ‘ਚ ਸਨ ਤਾਂ ਹੋਟਲ ਰੇਡੀਸਨ ‘ਚ ਸੀਸੀਟੀਵੀ ‘ਚ ਉਹ ਕਿਸ ਤਰ੍ਹਾਂ ਦਿਖਾਈ ਦਿੱਤੇ। ਫੁਟੇਜ ‘ਚ ਬਾਜਵਾ ਜਲੰਧਰ ਸਿਟੀ ‘ਚ ਸਥਿਤ ਹੋਟਲ ਰੇਡੀਸਨ ‘ਚ ਰਾਤ ਨੂੰ 12:30 ਵਜੇ ਸੀਸੀਟੀਵੀ ‘ਚ ਅੰਦਰ ਜਾਂਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਉਹ ਸਵੇਰੇ ਹੋਟਲ ਤੋਂ ਬਾਹਰ ਆਉਂਦੇ ਹਨ ਪ੍ਰੰਤੂ ਇਕੱਲੇ। ਸਵਾਲ ਇਹ ਹੈ ਕਿ ਬਾਜਵਾ ਜੇਕਰ ਹੋਟਲ ਰੇਡੀਸਨ ‘ਚ ਸਨ, ਤਾਂ ਫਿਰ ਥਾਣੇ ‘ਚ ਉਨ੍ਹਾਂ ਦੀ ਜਗ੍ਹਾ ਕੌਣ ਸੀ। ਪੁਲਿਸ ਰੋਜਨਾਮਚੇ ਦੇ ਅਨੁਸਾਰ ਤਿੰਨ 3 ਦੀ ਰਾਤ ਨੂੰ ਵੀ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਥਾਣੇ ‘ਚ ਹੀ ਸਨ।
ਬਾਜਵਾ ਦੀ ਕਾਲ ਡਿਟੇਲ ‘ਚ ਅਕਾਲੀ ਅਤੇ ‘ਆਪ’ ਆਗੂ ਨਾਲ ਗੱਲਬਾਤ : ਬਾਜਵਾ ਦੀ ਕਾਲ ਡਿਟੇਲ ‘ਚ ਜਿੱਥੇ ਮਹਿਲਾ ਦਾ ਨੰਬਰ ਵਾਰ-ਵਾਰ ਆਇਆ, ਉਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ‘ਆਪ’ ਆਗੂਆਂ ਦੇ ਨਾਲ ਵੀ ਉਨ੍ਹਾਂ ਦੀ ਗੱਲਬਾਤ ਦੀ ਡਿਟੇਲ ਸਾਹਮਣੇ ਆਈ ਹੈ। ਆਈਜੀ ਜੋਨਲ ਨੌਨਿਹਾਲ ਸਿੰਘ ਦਾ ਕਹਿਣਾ ਹੈ ਕਿ ਅਜੇ ਜਾਂਚ ਕੀਤੀ ਜਾ ਰਹੀਹੈ। ਸਵਾਲ ਉਠਣ ਲੱਗੇ ਹਨ ਕਿ ਕਪੂਰਥਲੇ ਜ਼ਿਲ੍ਹੇ ਦੀ ਉਹ ਮਹਿਲਾ ਕੌਣ ਸੀ, ਜਿਸ ਦੇ ਲਈ ਬਾਜਵਾ ਨ ਰੂਮ ਬੁੱਕ ਕਰਵਾਇਆ। ਬਾਜਵਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਦੌਰਾਨ ਕਈ ਮਹੱਤਵਪੂਰਨ ਥਾਣਿਆਂ ਦੇ ਇੰਚਾਰਜ ਵੀ ਰਹੇ ਅਤੇ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਨੇੜਤਾ ਕਿਸੇ ਤੋਂ ਲੁਕੀ ਹੋਈ ਨਹੀਂ ਹੈ।
ਤਿੰਨ ਦਿਨ ਤੱਕ ਰਹੀ ਮਹਿਲਾ ਅਤੇ ਬਾਜਵਾ ਆਉਂਦੇ ਜਾਂਦੇ ਰਹੇ
ਪਰਮਿੰਦਰ ਬਾਜਵਾ ਦੇ ਨਾਮ ‘ਤੇ 3 ਮਈ ਨੂੰ ਰਾਤ ਅੱਠ ਵਜੇ ਹੋਟਲ ਵਿਚ ਕਮਰਾ ਬੁੱਕ ਕੀਤਾ ਗਿਆ। ਰਾਤ ਅੱਠ ਵਜੇ ਕਪੂਰਥਲਾ ਜ਼ਿਲ੍ਹੇ ਦੀ ਇਕ ਮਹਿਲਾ ਹੋਟਲ ਦੀ ਰਿਸ਼ੈਪਸ਼ਨ ‘ਤੇ ਆਈ ਅਤੇ ਉਸ ਨੇ ਇੰਸਪੈਕਟਰ ਬਾਜਵਾ ਨਾਲ ਅਟੈਂਡੈਂਟ ਨਾਲ ਗੱਲਬਾਤ ਕਰਵਾਈ। ਇਸਦੇ ਬਾਅਦ ਕਮਰਾ ਅਲਾਟ ਹੋਇਆ। ਇਸ ਤੋਂ ਬਾਅਦ ਬਾਜਵਾ ਰਾਤ ਸਾਢੇ ਬਾਰਾਂ ਵਜੇ ਹੋਟਲ ਵਿਚ ਪਹੁੰਚੇ ਅਤੇ ਕਮਰਾ ਤਿੰਨ ਦਿਨ ਲਈ ਬੁੱਕ ਕੀਤਾ। ਕਮਰੇ ਦਾ ਬਿੱਲ ਵੀ ਇੰਸਪੈਕਟਰ ਬਾਜਵਾ ਨੇ ਭਰਿਆ ਜੋਕਿ 33 ਹਜ਼ਾਰ 643 ਰੁਪਏ ਹੈ। ਇਸ ਵਿਚ 5200 ਰੁਪਏ ਕਮਰੇ ਪ੍ਰਤੀ ਦਿਨ ਕਮਰੇ ਦਾ ਕਿਰਾਇਆ ਸੀ, ਜਦਕਿ ਬਾਕੀ ਬਿੱਲ ਵਿਚ ਸ਼ਰਾਬ ਅਤੇ ਖਾਣਾ ਪੀਣਾ ਸੀ। ਮਹਿਲਾ ਤਿੰਨ ਦਿਨ ਤੱਕ ਹੋਟਲ ਵਿਚ ਰਹੀ ਅਤੇ ਬਾਜਵਾ ਆਉਂਦੇ ਜਾਂਦੇ ਰਹੇ।

RELATED ARTICLES
POPULAR POSTS