Breaking News
Home / ਪੰਜਾਬ / ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ

ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ

ਨੁਕਸਾਨੀ ਫਸਲ ਦਾ ਜਾਇਜ਼ਾ ਲੈਣ ਪਹੁੰਚੇ ਸੁਖਬੀਰ ਦਾ ‘ਆਪ’ ਵਰਕਰਾਂ ਨੇ ਕੀਤਾ ਵਿਰੋਧ
ਬੱਲੂਆਣਾ/ਬਿਊਰੋ ਨਿਊਜ਼ : ਮੀਂਹ ਦੇ ਪਾਣੀ ਵਿੱਚ ਡੁੱਬੇ ਖੇਤਾਂ ਵਿੱਚ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣ ਲਈ ਹਲਕਾ ਬਲੂਆਣਾ ਦੇ ਪਿੰਡਾਂ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੂੰ ਇੱਥੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਵੱਲੋਂ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਗਟਾਇਆ ਗਿਆ। ਸੋਮਵਾਰ ਦੁਪਹਿਰੇ ਕਰੀਬ 1 ਵਜੇ ਸੁਖਬੀਰ ਬਾਦਲ ਆਪਣੇ ਕਾਫ਼ਲੇ ਸਮੇਤ ਹਲਕਾ ਲੰਬੀ ਦੇ ਨਾਲ ਲੱਗਦੇ ਹਲਕਾ ਬੱਲੂਆਣਾ ਦੇ ਪਿੰਡ ਗੱਦਾ ਪਹੁੰਚੇ। ਇੱਥੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ‘ਆਪ’ ਵਰਕਰਾਂ ਨੇ ਸਾਬਕਾ ਉਪ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਕਾਲੇ ਝੰਡੇ ਦਿਖਾਏ ਤੇ ਨਾਅਰੇਬਾਜ਼ੀ ਕੀਤੀ।
‘ਆਪ’ ਦੇ ਸਰਕਲ ਪ੍ਰਧਾਨ ਬਲਜੀਤ ਸਿੰਘ ਤੋਂ ਇਲਾਵਾ ਬਹਾਵਵਾਲਾ ਸਰਕਲ ਦੇ ਪ੍ਰਧਾਨ ਅੰਗਰੇਜ਼ ਸਿੰਘ, ਜ਼ਿਲ੍ਹਾ ਤਾਲਮੇਲ ਕਮੇਟੀ ਦੇ ਮੈਂਬਰ ਨੌਰੰਗ ਰਾਮ ਢਾਬਾ ਕੋਕਰਿਆ ਤੇ ਸਰਪੰਚ ਲਾਭ ਸਿੰਘ ਨੇ ਦੱਸਿਆ ਕਿ ਲੰਬੀ ਹਲਕੇ ਵਿੱਚੋਂ ਬੱਲੂਆਣਾ ਹਲਕੇ ਦੇ ਪਿੰਡਾਂ ਨੂੰ ਪਾਣੀ ਦੀ ਨਿਕਾਸੀ ਖ਼ਾਤਰ ਬਣਾਏ ਗਏ ਬੇਤਰਤੀਬੇ ਸੇਮ ਨਾਲੇ ਬੱਲੂਆਣਾ ਦੇ ਖੇਤਾਂ ਦੀ ਬਰਬਾਦੀ ਦਾ ਕਾਰਨ ਬਣੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਹਲਕਾ ਲੰਬੀ ਨੂੰ ਬਚਾਉਣ ਲਈ ਬਣਾਏ ਗਏ ਇਨ੍ਹਾਂ ਸੇਮ ਨਾਲਿਆਂ ਵਿੱਚ ਛੱਡਿਆ ਗਿਆ ਪਾਣੀ ਬੱਲੂਆਣਾ ਹਲਕੇ ਦੇ ਪਿੰਡਾਂ ਲਈ ਕਹਿਰ ਬਣਿਆ ਹੈ। ਪਿੰਡ ਗੱਦਾ ਡੋਬ ਦੇ ਵਸਨੀਕ ਨਿਰੰਜਨ ਸਿੰਘ ਨੇ ਬੀਤੇ ਦਿਨੀਂ ਫ਼ਸਲ ਤਬਾਹ ਹੋਣ ਕਾਰਨ ਖ਼ੁਦਕੁਸ਼ੀ ਕਰ ਲਈ ਸੀ, ਜਿਸ ਦੀ ਮੌਤ ਲਈ ‘ਆਪ’ ਆਗੂਆਂ ਨੇ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਛੇਤੀ ਹੀ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ ਅਤੇ ਤਿੰਨ ਦਿਨਾਂ ਵਿੱਚ ਲੋੜੀਂਦਾ ਸਾਮਾਨ ਭੇਜ ਦਿੱਤਾ ਜਾਵੇਗਾ।
ਇਸ ਮੌਕੇ ਬਾਦਲ ਖੁਦਕੁਸ਼ੀ ਕਰ ਗਏ ਕਿਸਾਨ ਨਿਰੰਜਣ ਸਿੰਘ ਦੇ ਘਰ ਅਫ਼ਸੋਸ ਕਰਨ ਵੀ ਗਏ। ਉਨ੍ਹਾਂ ਨਾਲ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਸਾਬਕਾ ਵਿਧਾਇਕ ਮਹਿੰਦਰ ਰਿਣਵਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਪਾਲ ਸਿੰਘ ਗਰੇਵਾਲ ਵੀ ਹਾਜ਼ਰ ਸਨ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …