Breaking News
Home / ਪੰਜਾਬ / ਪ੍ਰਗਟ ਸਿੰਘ ਸਮੇਤ ਪੰਜਾਬ ‘ਚ 7 ਹੋਰ ਮੁੱਖ ਸੰਸਦੀ ਸਕੱਤਰ ਨਿਯੁਕਤ

ਪ੍ਰਗਟ ਸਿੰਘ ਸਮੇਤ ਪੰਜਾਬ ‘ਚ 7 ਹੋਰ ਮੁੱਖ ਸੰਸਦੀ ਸਕੱਤਰ ਨਿਯੁਕਤ

Pargat Singh copy copyਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਸੱਤ ਹੋਰ ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਬਣਾਇਆ ਜਾ ਰਿਹਾ ਹੈ। ਰਾਜਪਾਲ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਫ਼ਾਰਸ਼ ‘ਤੇ ਗੁਰਤੇਜ ਸਿੰਘ ਘੁੜਿਆਣਾ, ਮਨਜੀਤ ਸਿੰਘ ਮੀਆਂਵਿੰਡ, ਦਰਸ਼ਨ ਸਿੰਘ ਸ਼ਿਵਾਲਿਕ, ਗੁਰਪ੍ਰਤਾਪ ਸਿੰਘ ਵਡਾਲਾ, ਪ੍ਰਗਟ ਸਿੰਘ (ਪੰਜੇ ਅਕਾਲੀ ਦਲ ਨਾਲ ਸਬੰਧਿਤ), ਸੁਖਜੀਤ ਕੌਰ ਸਾਹੀ ਅਤੇ ਸੀਮਾ ਕੁਮਾਰੀ (ਭਾਜਪਾ ਨਾਲ ਸਬੰਧਿਤ) ਨੂੰ ਮੁੱਖ ਸੰਸਦੀ ਸਕੱਤਰ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਸੰਸਦੀ ਸਕੱਤਰ ਦੇ ਅਹੁਦੇ ਨੂੰ ਵਿਧਾਨਕ ਤੌਰ ‘ਤੇ ਭਾਵੇਂ ਕੋਈ ਮਾਨਤਾ ਨਹੀਂ ਪਰ ਸਰਕਾਰੀ ਖ਼ਜ਼ਾਨੇ ਨੂੰ ਉਸ ਦਾ ਮੰਤਰੀ ਦੇ ਬਰਾਬਰ ਹੀ ਬੋਝ ਝੱਲਣਾ ਪੈਂਦਾ ਹੈ ਅਤੇ ਪੰਜਾਬ ਸਰਕਾਰ ਇਸ ਸਮੇਂ ਗੰਭੀਰ ਵਿੱਤੀ ਸੰਕਟ ਵਿਚੋਂ ਲੰਘ ਰਹੀ ਹੈ। ਅਕਾਲੀ-ਭਾਜਪਾ ਗੱਠਜੋੜ ਦੇ ਵਿਧਾਇਕਾਂ ਦੀ ਗਿਣਤੀ 72 ਹੈ, ਜਿਨ੍ਹਾਂ ਵਿੱਚੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ 18 ਵਿਧਾਇਕਾਂ ਕੋਲ ਤਾਂ ਮੰਤਰੀ ਦਾ ਅਹੁਦਾ ਹੈ। ਇਸ ਫੈਸਲੇ ਬਾਅਦ ਮੁੱਖ ਸੰਸਦੀ ਸਕੱਤਰਾਂ ਦੀ ਗਿਣਤੀ 25 ਹੋ ਜਾਵੇਗੀ। ਇਸੇ ਤਰ੍ਹਾਂ ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਨੂੰ ਮਿਲਾ ਕੇ 45 ਵਿਧਾਇਕਾਂ ਨੂੰ ਬੱਤੀ ਵਾਲੀ ਕਾਰ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਚੁੱਕੀਆਂ ਹਨ। ਸਰਕਾਰ ਵੱਲੋਂ ਕੁੱਝ ਵਿਧਾਇਕਾਂ ਨੂੰ ਬੋਰਡਾਂ ਜਾਂ ਨਿਗਮਾਂ ਦੇ ਚੇਅਰਮੈਨ ਅਤੇ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਮੁਖੀ ਵੀ ਨਿਯੁਕਤ ਕੀਤਾ ਜਾ ਚੁੱਕਾ ਹੈ। ਕਈ ਅਕਾਲੀ ਵਿਧਾਇਕ ਪਾਰਟੀ ਨਾਲ ਨਾਰਾਜ਼ ਚੱਲੇ ਆ ਰਹੇ ਹਨ, ਜਿਨ੍ਹਾਂ ਵਿਚ ਪਰਗਟ ਸਿੰਘ ਦਾ ਨਾਮ ਵੀ ਬੋਲਦਾ ਸੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਨਾਰਾਜ਼ਗੀ ਦੂਰ ਕਰਨ ਲਈ ਕਈਆਂ ਨੂੰ ‘ਗੱਫੇ’ ਦਿੱਤੇ ਹਨ। ਅਕਾਲੀਆਂ ਨੂੰ ਕਈ ਵਿਧਾਇਕਾਂ ਦੇ ‘ਆਪ’ ਜਾਣ ਦਾ ਡਰ ਵੀ ਸਤਾ ਰਿਹਾ ਸੀ। ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਇਸ ਸਾਲ ਦਸੰਬਰ ਵਿਚ ਹੋਣ ਦੇ ਆਸਾਰ ਹਨ। ਅਕਾਲੀ-ਭਾਜਪਾ ਸਰਕਾਰ ਦੇ ਮੌਜੂਦਾ ਕਾਰਜਕਾਲ ਦੇ ਮਹਿਜ਼ 8 ਮਹੀਨਿਆਂ ਦੇ ਸਮੇਂ ਲਈ ਹੀ ਇਨ੍ਹਾਂ ਵਿਧਾਇਕਾਂ ਨੂੰ ਬੱਤੀ ਵਾਲੀ ਕਾਰ ਤੇ ਹੋਰ ਸਹੂਲਤਾਂ ਮਿਲਣਗੀਆਂ। ਰਾਜਸੀ ਹਲਕਿਆਂ ਵਿਚ ਚਰਚਾ ਹੈ ਕਿ ਜਿਨ੍ਹਾਂ ਵਿਧਾਇਕਾਂ ਦੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਜਿੱਤਣ ਦੀ ਉਮੀਦ ਹੈ ਉਨ੍ਹਾਂ ਨੂੰ ਸਰਕਾਰੀ ਮਦਦ ਨਾਲ ‘ਮਜ਼ਬੂਤ’ ਕੀਤਾ ਗਿਆ ਹੈ।
ਮੁੱਖ ਸੰਸਦੀ ਸਕੱਤਰਾਂ ਨੂੰ ਮੰਤਰੀਆਂ ਵਾਲੀਆਂ ਸਹੂਲਤਾਂ ਤਾਂ ਮਿਲਦੀਆਂ ਹਨ ਪਰ ਕੰਮ ਕਾਰ ਕੋਈ ਨਹੀਂ ਹੁੰਦਾ।
ਬੁਲਾਰੀਆ ਦੀ ਖੁੱਸੀ ਸਰਦਾਰੀ
ਪੰਜਾਬ ਸਰਕਾਰ ਨੇ ਬਾਗ਼ੀ ਸੁਰ ਅਲਾਪਣ ਵਾਲੇ ਅੰਮ੍ਰਿਤਸਰ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਬੱਤੀ ਵਾਲੀ ਕਾਰ ਵਾਪਸ ਲੈ ਲਈ ਹੈ। ਇਸ ਵਿਧਾਇਕ ਨੂੰ ਮੁੱਖ ਸੰਸਦੀ ਸਕੱਤਰ ਦੇ ਅਹੁਦੇ ਤੋਂ ਲਾਹ ਦਿੱਤਾ ਹੈ। ਬੁਲਾਰੀਆ ਵੱਲੋਂ ਕਈ ਮਹੀਨਿਆਂ ਤੋਂ ਅਕਾਲੀ ਦਲ ਵਿਰੁੱਧ ਝੰਡਾ ਚੁੱਕਿਆ ਹੋਇਆ ਸੀ।

Check Also

ਰਾਜਾ ਵੜਿੰਗ ਦਾ ਤਨਜ : ਕਿਹਾ, ਸੁਖਬੀਰ ਸਿੰਘ ਬਾਦਲ ਜਲਦ ਹੀ ਭਾਰਤੀ ਜਨਤਾ ਪਾਰਟੀ ’ਚ ਹੋ ਸਕਦੇ ਹਨ ਸ਼ਾਮਲ

ਬਰਨਾਲਾ/ਬਿਊਰੋ ਨਿਊਜ਼ ਸੁਖਬੀਰ ਸਿੰਘ ਬਾਦਲ ਨੇ ਲੰਘੇ ਕੱਲ੍ਹ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ …