ਓਲੰਪਿਕ ਦਲ ਦਾ ਗੁਡਵਿਲ ਅੰਬੈਸਡਰ ਬਣਾਉਣ ‘ਤੇ ਪ੍ਰਗਟਾਇਆ ਇਤਰਾਜ਼
ਚੰਡੀਗੜ੍ਹ/ਬਿਊਰੋ ਨਿਊਜ਼
ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਨੂੰ ਰੀਓ ਓਲੰਪਿਕ ਲਈ ਭਾਰਤੀ ਦਲ ਦੇ ਗੁਡਵਿਲ ਅੰਬੈਸਡਰ ਦੇ ਤੌਰ ‘ਤੇ ਚੁਣੇ ਜਾਣ ਉਤੇ ਉੱਡਣ ਸਿੱਖ ਮਿਲਖਾ ਸਿੰਘ ਨੇ ਬੇਹੱਦ ਨਾਰਾਜ਼ਗੀ ਪ੍ਰਗਟਾਈ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਇਸ ਫੈਸਲੇ ‘ਤੇ ਇਸ 88 ਸਾਲਾ ਸਾਬਕਾ ਐਥਲੀਟ ਨੇ ਕਿਹਾ ਕਿ ਆਈਓਏ ਨੂੰ ਆਪਣੇ ਇਸ ਫ਼ੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਇਸ ਦੇ ਲਈ ਸਰਕਾਰ ਨੂੰ ਵੀ ਦਖਲ ਦੇਣਾ ਚਾਹੀਦਾ ਹੈ। ਐਤਵਾਰ ਨੂੰ ਇੱਥੇ ਚੰਡੀਗੜ੍ਹ ਗੋਲਫ ਕਲੱਬ ਦੀਆਂ ਚੋਣਾਂ ਵਿਚ ਬਤੌਰ ਮੈਂਬਰ ਵਜੋਂ ਵੋਟ ਦੇਣ ਆਏ ਮਿਲਖਾ ਸਿੰਘ ਤੋਂ ਜਦੋਂ ਪੱਤਰਕਾਰਾਂ ਨੇ ਸਲਮਾਨ ਨੂੰ ਓਲੰਪਿਕ ਦਲ ਦੇ ਗੁਡਵਿਲ ਅੰਬੈਸਡਰ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦੀ ਰਾਏ ਜਾਨਣੀ ਚਾਹੀਦੀ ਤਾਂ ਉਨ੍ਹਾਂ ਉਪਰੋਕਤ ਗੱਲਾਂ ਕਹੀਆਂ। ਮਿਲਖਾ ਨੇ ਇਥੋਂ ਤੱਕ ਕਿਹਾ ਕਿ ਸਲਮਾਨ ਨੂੰ ਖੇਡਾਂ ਬਾਰੇ ਕੁਝ ਵੀ ਪਤਾ ਨਹੀਂ ਹੈ, ਉਸ ਨੂੰ ਬਾਲੀਵੁੱਡ ਦਾ ਹੀ ਕੰਮ ਦੇਣਾ ਚਾਹੀਦਾ ਹੈ। ਮਿਲਖਾ ਨੇ ਕਿਹਾ, ‘ਮੈਂ ਇਸ ਫੈਸਲੇ ਦੀ ਨਿੰਦਾ ਕਰਦਾ ਹਾਂ, ਮੇਰੀ ਨਜ਼ਰ ਵਿਚ ਜੋ ਖਿਡਾਰੀ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹਨ, ਖਾਸ ਕਰਕੇ ਜੋ ਓਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕਰਨਗੇ, ਅਸਲ ਵਿਚ ਉਹ ਹੀ ਅੰਬੈਸਡਰ ਹਨ।’
ਮਿਲਖਾ ਨੇ ਇਹ ਕਹਿ ਕੀ ਵੀ ਸਵਾਲ ਕੀਤਾ ਕਿ ਬਾਲੀਵੁੱਡ ਦੇ ਸਮਾਗਮ ਵਿਚ ਕੀ ਖਿਡਾਰੀਆਂ ਨੂੰ ਵੀ ਅੰਬੈਸਡਰ ਬਣਾਇਆ ਜਾਂਦਾ ਹੈ। ਉਨ੍ਹਾਂ ਦੀ ਰਾਏ ਵਿਚ ਇਹ ਇਕ ਗਲਤ ਫ਼ੈਸਲਾ ਹੈ।
ਦੇਸ਼ ‘ਚ ਵੱਡੇ ਖਿਡਾਰੀਆਂ ਦੀ ਭਰਮਾਰ, ਕਿਸੇ ਨੂੰ ਵੀ ਦੇ ਦਿੰਦੇ ਮੌਕਾ : ਪ੍ਰਗਟ ਸਿੰਘ
ਜਲੰਧਰ : ਸਲਮਾਨ ਖਾਨ ਨੂੰ ਰੀਓ ਓਲੰਪਿਕ ਲਈ ਭਾਰਤੀ ਦਲ ਦੇ ਗੁਡਵਿਲ ਅੰਬੈਸਡਰ ਨਿਯੁਕਤ ਕੀਤੇ ਜਾਣ ‘ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਤੇ ਮੌਜੂਦਾ ਅਕਾਲੀ ਦਲ ਦੇ ਕੈਂਟ ਖੇਤਰ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਲਮਾਨ ਖਾਨ ਨੂੰ ਰੀਓ ਓਲੰਪਿਕ ਵਿਚ ਭਾਰਤ ਦਾ ਗੁਡਵਿਲ ਅੰਬੈਸਡਰ ਬਣਾਉਣਾ ਗਲਤ ਹੈ। ਜੇਕਰ ਗੁਡਵਿਲ ਅੰਬੈਸਡਰ ਬਣਾਉਣਾ ਹੀ ਸੀ ਤਾਂ ਦੇਸ਼ ਵਿਚ ਵੱਡੇ ਖਿਡਾਰੀਆਂ ਦੀ ਕਮੀ ਨਹੀਂ, ਜਿਨ੍ਹਾਂ ਵਿਚ ਓਲੰਪੀਅਨ ਬਲਬੀਰ ਸਿੰਘ, ਮਿਲਖਾ ਸਿੰਘ, ਸਚਿਨ ਤੇਂਦੂਲਕਰ ਸ਼ਾਮਲ ਹਨ, ਨੂੰ ਇਹ ਮੌਕਾ ਦਿੰਦੇ, ਪ੍ਰੰਤੂ ਕਿਸੇ ਫਿਲਮ ਅਭਿਨੇਤਾ ਨੂੰ ਇਹ ਜਿੰਮੇਵਾਰੀ ਦੇਣੀ ਗਲਤ ਗੱਲ ਹੈ।

