
ਰਾਸ਼ਟਰਪਤੀ ਦੇ ਸਮਾਗਮ ਕਰਕੇ ਲਿਆ ਫੈਸਲਾ
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖਤ ਸਾਹਿਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ 15 ਜਨਵਰੀ ਨੂੰ ਹੋ ਰਹੀ ਪੇਸ਼ੀ ਦਾ ਸਮਾਂ ਬਦਲਿਆ ਗਿਆ ਹੈ। ਇਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹੁਣ ਸੀਐਮ ਮਾਨ 15 ਜਨਵਰੀ ਨੂੰ ਹੀ ਸਵੇਰੇ 10 ਵਜੇ ਦੀ ਬਜਾਏ ਸ਼ਾਮ ਨੂੰ ਸਾਢੇ 4 ਵਜੇ ਪਹੁੰਚਣ। ਭਗਵੰਤ ਮਾਨ ਦੀ ਪੇਸ਼ੀ ਦਾ ਸਮਾਂ ਇਸ ਲਈ ਬਦਲਿਆ ਗਿਆ ਹੈ ਕਿ 15 ਜਨਵਰੀ ਨੂੰ ਹੀ ਅੰਮਿ੍ਰਤਸਰ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਮਾਗਮ ਹੈ ਅਤੇ ਇਸ ਸਮਾਗਮ ਵਿਚ ਸੀਐਮ ਮਾਨ ਨੇ ਵੀ ਪਹੁੰਚਣਾ ਹੈ। ਜ਼ਿਕਰਯੋਗ ਹੈ ਕਿ ਗੋਲਕ ਨਾਲ ਜੁੜੇ ਮਾਮਲੇ ’ਚ ਦਿੱਤੇ ਗਏ ਬਿਆਨ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਹੈ। ਜਥੇਦਾਰ ਨੇ ਮੁੱਖ ਮੰਤਰੀ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ। ਧਿਆਨ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ’ਤੇ ਤਿੱਖਾ ਹਮਲਾ ਬੋਲਦਿਆਂ ਇਲਜ਼ਾਮ ਲਾਇਆ ਸੀ ਕਿ ਇਹ ਸੰਸਥਾਵਾਂ ਆਪਣੇ ਗਲਤ ਕੰਮਾਂ ਨੂੰ ਛੁਪਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਨੂੰ ਢਾਲ ਵਜੋਂ ਵਰਤ ਰਹੀਆਂ ਹਨ। ਮੁੱਖ ਮੰਤਰੀ ਨੇ ਇਹ ਬਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਲੈ ਕੇ ਦਿੱਤਾ ਸੀ।

