Breaking News
Home / ਪੰਜਾਬ / ਅਫਗਾਨਿਸਤਾਨ ’ਚ ਰਹਿੰਦੇ ਸਿੱਖਾਂ ਦੀ ਕੈਪਟਨ ਨੂੰ ਫਿਕਰ

ਅਫਗਾਨਿਸਤਾਨ ’ਚ ਰਹਿੰਦੇ ਸਿੱਖਾਂ ਦੀ ਕੈਪਟਨ ਨੂੰ ਫਿਕਰ

ਕੈਪਟਨ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਕੀਤੀ ਬੇਨਤੀ
ਚੰਡੀਗੜ੍ਹ/ਬਿਊਰੋ ਨਿਊਜ਼
ਅਫਗਾਨਿਸਤਾਨ ’ਚ ਤਾਲਿਬਾਨੀਆਂ ਕਰਕੇ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਿੰਤਤ ਹਨ ਅਤੇ ਉਨ੍ਹਾਂ ਭਾਰਤੀ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਅਫਗਾਨਿਸਤਾਨ ’ਚ ਗੁਰਦੁਆਰਿਆਂ ’ਚ ਰਹਿ ਰਹੇ ਕਰੀਬ 200 ਸਿੱਖਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਕੋਈ ਉਪਰਾਲਾ ਕੀਤਾ ਜਾਏ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਸਰਕਾਰ ਅਫਗਾਨਿਸਤਾਨ ’ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ’ਚ ਕਿਸੇ ਵੀ ਮਦਦ ਲਈ ਤਿਆਰ ਹੈ। ਧਿਆਨ ਰਹੇ ਕਿ ਭਾਰਤ ਸਮੇਤ ਬਹੁਤ ਸਾਰੇ ਦੇਸ਼ ਆਪਣੇ ਨਾਗਰਿਕਾਂ ਅਤੇ ਰਾਜਦੂਤਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਵੀ ਖ਼ਬਰਦਾਰ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਦੇ ਮੁੜ ਤਾਲਿਬਾਨੀ ਲੜਾਕਿਆਂ ਦੇ ਹੱਥ ਆਉਣਾ ਭਾਰਤ ਲਈ ਚੰਗਾ ਨਹੀਂ ਹੈ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ, ‘‘ਅਫ਼ਗ਼ਾਨਿਸਤਾਨ ਦਾ ਤਾਲਿਬਾਨ ਦੇ ਹੱਥਾਂ ਵਿੱਚ ਜਾਣਾ ਸਾਡੇ ਮੁਲਕ ਲਈ ਸ਼ੁਭ ਸੰਕੇਤ ਨਹੀਂ ਹੈ। ਇਹ ਭਾਰਤ ਖਿਲਾਫ਼ ਚੀਨ-ਪਾਕਿ ਗੱਠਜੋੜ ਨੂੰ ਮਜ਼ਬੂਤ ਕਰੇਗਾ। ਇਹ ਚੰਗੇ ਸੰਕੇਤ ਨਹੀਂ ਹਨ, ਤੇ ਸਾਨੂੰ ਆਪਣੀਆਂ ਸਾਰੀਆਂ ਸਰਹੱਦਾਂ ’ਤੇ ਵਧੇਰੇ ਚੌਕਸ ਰਹਿਣ ਦੀ ਲੋੜ ਹੈ।’’
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਦੇ ਨਵੇਂ ਮੁਖੀ ਦਾ ਐਲਾਨ ਵੀ ਹੋ ਗਿਆ ਹੈ। ਹੇਬਤੁੱਲਹਾ ਅਖੁੰਦਜਾਦਾ ਅਫਗਾਨ ਦਾ ਨਵਾਂ ਅਮੀਰ ਹੋਵੇਗਾ ਅਤੇ ਉਹ ਕੰਧਾਰ ਦਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਪ ਰਾਸ਼ਟਰਪਤੀ ਨੇ ਸੱਤਾ ਤਬਦੀਲੀ ਦੀਆਂ ਹੋ ਰਹੀਆਂ ਕੋਸ਼ਿਸ਼ ਦੌਰਾਨ ਦੇਸ਼ ਛੱਡ ਦਿੱਤਾ ਹੈ।

Check Also

ਪੰਜਾਬ ’ਚ ਨਾਮਜ਼ਦਗੀਆਂ ਦੇ ਚੌਥੇ ਦਿਨ 18 ਤੋਂ ਵੱਧ ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖਲ

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਜੇਪੀ ਨੱਢਾ ਦੀ ਅਗਵਾਈ ’ਚ ਭਰੀ ਨਾਮਜ਼ਦਗੀ ਚੰਡੀਗੜ੍ਹ/ਬਿਊਰੋ …