ਕਾਬੁਲ ਏਅਰਪੋਰਟ ’ਤੇ ਜਮ੍ਹਾਂ ਹੋਈ ਵੱਡੀ ਭੀੜ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ’ਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਬੁਲ ਏਅਰਪੋਰਟ ’ਤੇ ਵੱਡੀ ਭੀੜ ਜਮ੍ਹਾਂ ਹੋ ਗਈ ਹੈ। ਫਿਲਹਾਲ ਏਅਰਪੋਰਟ ਅਮਰੀਕੀ ਫੌਜ ਦੇ ਕੰਟਰੋਲ ਵਿਚ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏਅਰਪੋਰਟ ’ਤੇ ਹੋਈ ਗੋਲੀਬਾਰੀ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸੇ ਦੌਰਾਨ ਏਅਰਪੋਰਟ ’ਤੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਪਹੁੰਚ ਗਏ ਹਨ, ਜਿਨ੍ਹਾਂ ਕੋਲ ਨਾ ਵੀਜ਼ਾ ਹੈ ਨਾ ਟਿਕਟ। ਕਾਬੁਲ ਵਿਚ ਮੋਬਾਇਲ ਰੀਚਾਰਜ ਕਰਨ ਲਈ ਵੀ ਲੋਕਾਂ ਨੂੰ ਮੁਸ਼ਕਲ ਹੋ ਰਹੀ ਹੈ। ਅਫਗਾਨਿਸਤਾਨ ’ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਸਾਰਿਆਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਅਫਗਾਨੀਆਂ ਦੀ ਜਾਨ-ਮਾਲ ਦੀ ਰੱਖਿਆ ਕਰੇਗਾ।
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਲੰਘੇ ਕੱਲ੍ਹ ਐਤਵਾਰ ਨੂੰ ਦੇਸ਼ ਛੱਡ ਦਿੱਤਾ ਸੀ। ਇਸ ਤੋਂ ਬਾਅਦ ਤਾਲਿਬਾਨ ਨੇ ਰਾਸ਼ਟਰਪਤੀ ਭਵਨ ’ਤੇ ਕਬਜ਼ਾ ਕਰ ਲਿਆ। ਹੁਣ ਗਨੀ ਨੇ ਦੇਸ਼ ਦੇ ਨਾਗਰਿਕਾਂ ਦੇ ਨਾਮ ਸੰਦੇਸ਼ ਜਾਰੀ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਦੇਸ਼ ਛੱਡਣ ਦੀ ਵਜ੍ਹਾ ਦੱਸੀ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਅੱਗੇ ਕੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ। ਕਾਬੁਲ ਏਅਰਪੋਰਟ ’ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਹਨ ਅਤੇ ਲੋਕਾਂ ਨੂੰ ਜਿਸ ਵੀ ਸਾਧਨ ’ਚ ਜਗ੍ਹਾ ਮਿਲ ਰਹੀ ਹੈ, ਉਹ ਚੜ੍ਹ ਰਹੇ ਹਨ। ਕਈ ਵਿਅਕਤੀ ਤਾਂ ਬਿਨਾ ਸਮਾਨ ਚੁੱਕੇ ਹੀ ਭੱਜ ਰਹੇ ਹਨ ਅਤੇ ਕਾਬੁਲ ਵਿਚ ਅਫਰਾ ਤਫਰੀ ਦਾ ਮਾਹੌਲ ਹੈ। ਦੇਸ਼ ਛੱਡ ਕੇ ਜਾਣ ਲਈ ਲੋਕ ਜਲਦਬਾਜ਼ੀ ਨਾਲ ਬੈਂਕਾਂ ਵਿਚੋਂ ਆਪਣਾ ਪੈਸਾ ਵੀ ਕਢਾ ਰਹੇ ਹਨ।
ਉਧਰ ਦੂਜੇ ਪਾਸੇ ਤਾਲਿਬਾਨ ਦੇ ਆਗੂਆਂ ਨੇ ਰਾਸ਼ਟਰਪਤੀ ਭਵਨ ’ਚ ਬੈਠ ਕੇ ਚੈਨਲਾਂ ਨੂੰ ਇੰਟਰਵਿਊ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਗਨੀ 50 ਲੱਖ ਡਾਲਰ ਕੈਸ਼ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਇਹ ਪੈਸਾ ਰਾਸ਼ਟਰਪਤੀ ਮਹਿਲ ਦੇ ਹੈਲੀਪੈਡ ’ਤੇ ਹੀ ਰਹਿ ਗਿਆ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਬਣਨ ਵਾਲੀ ਹੈ। ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਪ ਰਾਸ਼ਟਰੀ ਦੇਸ਼ ਛੱਡ ਕੇ ਭੱਜ ਚੁੱਕੇ ਹਨ।
Check Also
ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ
ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …