28.1 C
Toronto
Sunday, October 5, 2025
spot_img
Homeਭਾਰਤਗਊ ਰੱਖਿਆ ਦੇ ਨਾਂ ਉਤੇ ਲੋਕਾਂ ਦੀ ਹੱਤਿਆ ਮਨਜ਼ੂਰ ਨਹੀ : ਨਰਿੰਦਰ...

ਗਊ ਰੱਖਿਆ ਦੇ ਨਾਂ ਉਤੇ ਲੋਕਾਂ ਦੀ ਹੱਤਿਆ ਮਨਜ਼ੂਰ ਨਹੀ : ਨਰਿੰਦਰ ਮੋਦੀ

ਅਹਿਮਦਾਬਾਦ : ਗਊ ਰੱਖਿਅਕਾਂ ਨੂੰ ਸਖ਼ਤ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਗਊ ਰੱਖਿਆ ਦੇ ਨਾਂ ਉਤੇ ਲੋਕਾਂ ਦੀ ਹੱਤਿਆ ਮਨਜ਼ੂਰ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਇੱਥੇ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਦੀ ਸ਼ਤਾਬਦੀ ਮੌਕੇ ਜਨਤਕ ਇਕੱਠ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ‘ਗਊ ਭਗਤੀ’ ਦੇ ਨਾਂ ਉਤੇ ਹਿੰਸਾ ਵਿੱਚ ਸ਼ਮੂਲੀਅਤ ਪੂਰੀ ਤਰ੍ਹਾਂ ਰਾਸ਼ਟਰ ਪਿਤਾ ਦੇ ਅਸੂਲਾਂ ਖ਼ਿਲਾਫ਼ ਹੈ। ਗਊ ਰੱਖਿਆ ਦੇ ਨਾਂ ਉਤੇ ਹਿੰਸਾ ਤੇ ਭੀੜ ਵੱਲੋਂ ਕੁੱਟਮਾਰ ਦੀਆਂ ਵਧੀਆਂ ਘਟਨਾਵਾਂ ਉਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ। ਉਨ੍ਹਾਂ ਕਿਹਾ, ”ਮੈਂ ਜਦੋਂ ਇੱਥੇ ਸਾਬਰਮਤੀ ਆਸ਼ਰਮ ਵਿੱਚ ਹਾਂ ਤਾਂ ਮੈਂ ਆਪਣੀ ਨਾਖ਼ੁਸ਼ੀ ਤੇ ਦਰਦ ਦਾ ਇਜ਼ਹਾਰ ਕਰਨਾ ਚਾਹੁੰਦਾ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ, ”ਇਹ ਉਹ ਮੁਲਕ ਹੈ, ਜਿਸ ਵਿੱਚ ਕੀੜੀਆਂ, ਅਵਾਰਾ ਕੁੱਤਿਆਂ ਤੇ ਮੱਛੀਆਂ ਦਾ ਢਿੱਡ ਭਰਨ ਦੀ ਰਵਾਇਤ ਹੈ। ਇਹ ਉਹ ਮੁਲਕ ਹੈ, ਜਿੱਥੇ ਮਹਾਤਮਾ ਗਾਂਧੀ ਨੇ ਸਾਨੂੰ ਅਹਿੰਸਾ ਦਾ ਪਾਠ ਪੜ੍ਹਾਇਆ। ਸਾਨੂੰ ਕੀ ਹੋ ਗਿਆ ਹੈ? ” ਭੀੜ ਵੱਲੋਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਤੇ ਹਿੰਸਾ ਉਤੇ ਉਤਰਨ ਦੀ ਰੁਚੀ ਭਾਰੂ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਕੋਈ ਮਰੀਜ਼ ਅਪਰੇਸ਼ਨ ਅਸਫ਼ਲ ਹੋਣ ਕਾਰਨ ਮਾਰਿਆ ਜਾਂਦਾ ਹੈ ਤਾਂ ਰਿਸ਼ਤੇਦਾਰ ਹਸਪਤਾਲ ਫੂਕ ਦਿੰਦੇ ਹਨ ਅਤੇ ਡਾਕਟਰਾਂ ਦੀ ਕੁੱਟਮਾਰ ਕਰਦੇ ਹਨ। ਹਾਦਸਾ, ਹਾਦਸਾ ਹੁੰਦਾ ਹੈ। ਹਾਦਸਿਆਂ ਵਿੱਚ ਜਦੋਂ ਲੋਕ ਮਾਰੇ ਜਾਂ ਜ਼ਖ਼ਮੀ ਹੋ ਜਾਂਦੇ ਹਨ ਤਾਂ ਇਕੱਠ ਹੋ ਜਾਂਦਾ ਹੈ ਤੇ ਵਾਹਨ ਫੂਕੇ ਜਾਂਦੇ ਹਨ।” ਸ੍ਰੀ ਮੋਦੀ ਨੇ ਕਿਹਾ ਕਿ ਕਿਸੇ ਨੇ ਵੀ ਮਹਾਤਮਾ ਗਾਂਧੀ ਤੇ ਉਨ੍ਹਾਂ ਦੇ ਸਹਿਯੋਗੀ ਵਿਨੋਵਾ ਭਾਵੇ ਤੋਂ ਵੱਧ ਗਊ ਰੱਖਿਆ ਅਤੇ ਗਊ ਭਗਤੀ ਨਹੀਂ ਕੀਤੀ ਹੋਵੇਗੀ।

RELATED ARTICLES
POPULAR POSTS