ਮੋਦੀ, ਟਰੰਪ ਨੂੰ ਝੂਠਾ ਕਹਿਣ ਦਾ ਹੌਸਲਾ ਦਿਖਾਉਣ
ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਆਪਣਾ ਅਕਸ ਬਚਾਉਣ ਲਈ ਫ਼ੌਜ ਵਰਤਣ ਦਾ ਦੋਸ਼ ਲਾਇਆ ਤੇ ਕਿਹਾ ਕਿ ਜੇ ਉਨ੍ਹਾਂ ‘ਚ ਹਿੰਮਤ ਹੈ ਤਾਂ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ-ਪਾਕਿਸਤਾਨ ਜੰਗਬੰਦੀ ਬਾਰੇ ਦਾਅਵਿਆਂ ਨੂੰ ਝੂਠਾ ਕਹਿ ਕੇ ਦਿਖਾਉਣ। ਉਨ੍ਹਾਂ ਕਿਹਾ, ‘ਜੇ ਮੋਦੀ ਜੀ ‘ਚ ਇੰਦਰਾ ਗਾਂਧੀ ਮੁਕਾਬਲੇ 50 ਫੀਸਦ ਵੀ ਹੌਸਲਾ ਹੈ ਤਾਂ ਉਨ੍ਹਾਂ ਨੂੰ ਸੰਸਦ ‘ਚ ਸਪੱਸ਼ਟ ਤੌਰ ‘ਤੇ ਕਹਿਣਾ ਚਾਹੀਦਾ ਹੈ ਕਿ ਡੋਨਲਡ ਟਰੰਪ ਝੂਠ ਬੋਲ ਰਹੇ ਹਨ।’ ਉਨ੍ਹਾਂ ਇਹ ਵੀ ਕਿਹਾ ਕਿ ਜੇ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਲੋਕ ਸਭਾ ‘ਚ ਚੀਨ ਤੇ ਪਾਕਿਸਤਾਨ ਦੇ ਇਕਜੁੱਟ ਹੋਣ ਸਬੰਧੀ ਉਨ੍ਹਾਂ ਦੇ ਬਿਆਨ ‘ਤੇ ਧਿਆਨ ਦਿੱਤਾ ਹੁੰਦਾ ਤਾਂ ਅਪਰੇਸ਼ਨ ਸਿੰਧੂਰ ਦੌਰਾਨ ਉਨ੍ਹਾਂ ਨੂੰ ‘ਪੰਜ ਜਹਾਜ਼ ਗੁਆਉਣੇ ਨਾ ਪੈਂਦੇ।’

