‘ਕਾਂਗਰਸ ਭਾਰਤੀ ਫ਼ੌਜ ਦੀ ਬਹਾਦਰੀ ਪਿੱਛੇ ਨਾ ਖੜ੍ਹੀ’
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ‘ਚ ਕਿਹਾ ਕਿ ਕਿਸੇ ਵੀ ਦੇਸ਼ ਦੇ ਨੇਤਾ ਨੇ ਭਾਰਤ ਨੂੰ ਅਪਰੇਸ਼ਨ ਸਿੰਧੂਰ ਰੋਕਣ ਲਈ ਨਹੀਂ ਕਿਹਾ ਪਰ ਉਨ੍ਹਾਂ ਇਸ ਗੱਲ ‘ਤੇ ਅਫਸੋਸ ਜ਼ਾਹਿਰ ਕੀਤਾ ਕਿ ਦੇਸ਼ ਨੂੰ ਪੂਰੀ ਦੁਨੀਆ ਦੀ ਹਮਾਇਤ ਮਿਲੀ ਪਰ ਕਾਂਗਰਸ ਤੇ ਉਸ ਦੇ ਸਹਿਯੋਗੀ ਭਾਰਤੀ ਸੈਨਿਕਾਂ ਦੀ ਬਹਾਦਰੀ ਪਿੱਛੇ ਖੜ੍ਹੇ ਨਾ ਹੋ ਸਕੇ।
ਲੋਕ ਸਭਾ ‘ਚ ਪਹਿਲਗਾਮ ਹਮਲੇ ਤੇ ਅਪਰੇਸ਼ਨ ਸਿੰਧੂਰ ‘ਤੇ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਦਾ ਕੋਈ ਵੀ ਦੇਸ਼ ਭਾਰਤ ਨੂੰ ਅੱਤਵਾਦ ਤੋਂ ਆਪਣੀ ਰਾਖੀ ਲਈ ਕਾਰਵਾਈ ਕਰਨ ਤੋਂ ਨਹੀਂ ਰੋਕ ਸਕਦਾ। ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਵਿਰੋਧੀ ਧਿਰ ਵੱਲੋਂ ਵਾਰ-ਵਾਰ ਪੁੱਛੇ ਜਾ ਰਹੇ ਸਵਾਲਾਂ ਵਿਚਾਲੇ ਆਈ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਐਲਾਨ ਕਿਉਂ ਕੀਤਾ। ਮੋਦੀ ਨੇ ਸਦਨ ਨੂੰ ਦੱਸਿਆ, ‘9 ਮਈ ਦੀ ਰਾਤ ਅਮਰੀਕੀ ਉਪ ਰਾਸ਼ਟਰਪਤੀ (ਜੇਡੀ ਵੈਂਸ) ਨੇ ਮੇਰੇ ਨਾਲ ਤਿੰਨ-ਚਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਹਥਿਆਰਬੰਦ ਬਲਾਂ ਨਾਲ ਮੀਟਿੰਗਾਂ ‘ਚ ਰੁੱਝਿਆ ਹੋਇਆ ਸੀ।’ ਉਨ੍ਹਾਂ ਕਿਹਾ, ‘ਜਦੋਂ ਮੈਂ ਉਨ੍ਹਾਂ ਨੂੰ ਵਾਪਸ ਫੋਨ ਕੀਤਾ ਤਾਂ ਅਮਰੀਕੀ ਉਪ ਰਾਸ਼ਟਰਪਤੀ ਨੇ ਮੈਨੂੰ ਪਾਕਿਸਤਾਨ ਵੱਲੋਂ ਵੱਡੇ ਹਮਲੇ ਦੀ ਚਿਤਾਵਨੀ ਦਿੱਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇ ਪਾਕਿਸਤਾਨ, ਭਾਰਤ ‘ਤੇ ਹਮਲਾ ਕਰਦਾ ਹੈ ਤਾਂ ਸਾਡਾ ਹਮਲਾ ਕਿਤੇ ਜ਼ਿਆਦਾ ਵੱਡਾ ਹੋਵੇਗਾ ਕਿਉਂਕਿ ਅਸੀਂ ਗੋਲੀਆਂ ਦਾ ਜਵਾਬ ਤੋਪਾਂ ਨਾਲ ਦੇਵਾਂਗੇ।’ ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਕ ਦੇ ਆਗੂ ਨੇ ਭਾਰਤ ਨੂੰ ਆਪਣੀ ਮੁਹਿੰਮ ਰੋਕਣ ਲਈ ਨਹੀਂ ਕਿਹਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਹਮਲੇ ਦੀ ਮਾਰ ਹੇਠ ਆਏ ਪਾਕਿਸਤਾਨ ਏਅਰਬੇਸ ‘ਅਜੇ ਵੀ ਆਈਸੀਯੂ’ ਵਿੱਚ ਹਨ ਅਤੇ 22 ਅਪਰੈਲ ਅੱਤਵਾਦੀ ਹਮਲੇ ਦੇ ਸਾਜ਼ਿਸ ਘਾੜਿਆਂ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਉਨ੍ਹਾਂ ਕਿਹਾ, ‘ਭਾਰਤ ਨੂੰ ਪੂਰੀ ਦੁਨੀਆ ਤੋਂ ਹਮਾਇਤ ਮਿਲੀ ਪਰ ਇਹ ਦੁਖ ਦੀ ਗੱਲ ਹੈ ਕਿ ਕਾਂਗਰਸ ਨੇ ਸਾਡੇ ਸੈਨਿਕਾਂ ਦੀ ਬਹਾਦਰੀ ਦੀ ਹਮਾਇਤ ਨਹੀਂ ਕੀਤੀ।

