
ਚੰਡੀਗੜ੍ਹ/ਬਿਊਰੋ ਨਿਊਜ਼
ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਖਾਦ ਕੰਪਨੀਆਂ ਵੱਲੋਂ ਐੱਨ.ਪੀ.ਕੇ. ਖਾਦ ਦੀਆਂ ਕੀਮਤਾਂ ਵਿੱਚ ਮੁੜ ਕੀਤੇ ਵਾਧੇ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਦੂਜੀ ਵਾਰ ਕੀਮਤ ਵਧਾਉਂਦਿਆਂ ਐੱਨ.ਪੀ.ਕੇ. ਖਾਦ ਦੇ 50 ਕਿੱਲੋ ਵਾਲੇ ਗੱਟੇ ਦੀ ਕੀਮਤ 2250 ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਹੁਣ ਹਰੇਕ ਗੱਟੇ ਪਿੱਛੇ 250 ਰੁਪਏ ਵਾਧੂ ਖਰਚਣੇ ਪੈਣਗੇ, ਜਦੋਂਕਿ ਪ੍ਰਤੀ ਕੁਇੰਟਲ ਕੀਮਤ ਵਿੱਚ 500 ਰੁਪਏ ਦਾ ਵਾਧਾ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਖਾਦ ਦੀਆਂ ਵਧੀਆਂ ਕੀਮਤਾਂ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਵਿੱਚ ਵੀ ਖਾਦ ਕੰਪਨੀਆਂ ਨੇ ਪਿਛਲੇ ਸਾਲ 2025 ਦੇ ਮੁਕਾਬਲੇ ਐੱਨ.ਪੀ.ਕੇ. ਖਾਦ ਦੀ ਕੀਮਤ ਵਿੱਚ ਪ੍ਰਤੀ ਕੁਇੰਟਲ 1100 ਰੁਪਏ ਦਾ ਵਾਧਾ ਕੀਤਾ ਸੀ। ਹੁਣ ਨਵੰਬਰ ਮਹੀਨੇ ਵਿੱਚ ਮੁੜ ਪ੍ਰਤੀ ਕੁਇੰਟਲ 500 ਰੁਪਏ ਕੀਮਤ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖਾਦਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਕਿਸਾਨਾਂ ਦੀ ਆਰਥਿਕਤਾ ’ਤੇ ਮਾੜਾ ਅਸਰ ਪਾ ਰਿਹਾ ਹੈ।

