Breaking News
Home / ਪੰਜਾਬ / ਪੰਜਾਬ ’ਚ ਘਰ ਬਣਾਉਣਾ ਹੋਇਆ ਮੁਸ਼ਕਲ

ਪੰਜਾਬ ’ਚ ਘਰ ਬਣਾਉਣਾ ਹੋਇਆ ਮੁਸ਼ਕਲ

ਰੇਤ-ਬੱਜਰੀ ਦਾ ਟਿੱਪਰ 40 ਹਜ਼ਾਰ ਰੁਪਏ ਦਾ ਹੋਇਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਘਰ ਬਣਾਉਣਾ ਹੁਣ ਦਿਨੋਂ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ ਅਤੇ ਗਰੀਬ ਤੇ ਮੱਧ ਵਰਗ ਲਈ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਰੇਤ ਸਸਤਾ ਕਰਨ ਦਾ ਵਾਅਦਾ ਕੀਤਾ ਸੀ। ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਿਚ ‘ਆਪ’ ਦੀ ਸਰਕਾਰ ਵੀ ਬਣ ਗਈ ਅਤੇ ਹੁਣ ਰੇਤਾ ਤੇ ਬਜਰੀ ਦੇ ਰੇਟ ਅਸਮਾਨ ਨੂੰ ਛੂਹਣ ਲੱਗੇ ਹਨ। ਆਮ ਆਦਮੀ ਪਾਰਟੀ ਵਲੋਂ ਕੀਤੇ ਵਾਅਦੇ ਵੀ ਹਵਾ ਹੀ ਨਜ਼ਰ ਆ ਰਹੇ ਹਨ। ਇਹੀ ਕਾਰਨ ਹੈ ਕਿ 12 ਤੋਂ 15 ਹਜ਼ਾਰ ਰੁਪਏ ਵਿਚ ਮਿਲਣ ਵਾਲਾ 900 ਵਰਗ ਫੁੱਟ ਰੇਤ ਦਾ ਟਿੱਪਰ ਹੁਣ 40 ਹਜ਼ਾਰ ਰੁਪਏ ਤੋਂ ਘੱਟ ਨਹੀਂ ਮਿਲ ਰਿਹਾ ਹੈ। ਇਹੀ ਹਾਲਤ ਕਰੱਸ਼ਰ ਤੋਂ ਮਿਲਣ ਵਾਲੀ ਬੱਜਰੀ ਦਾ ਹੈ। ਕਰੱਸ਼ਰ ਤੋਂ ਘਟੀਆ ਕਿਸਮ ਦੀ ਬੱਜਰੀ ਦਾ ਟਿੱਪਰ ਵੀ 30 ਤੋਂ 35 ਹਜ਼ਾਰ ਰੁਪਏ ਦੇ ਕਰੀਬ ਮਿਲ ਰਿਹਾ ਹੈ। ਜਦੋਂ ਕਿ ਅੱਵਲ ਦਰਜੇ ਦੀ ਬੱਜਰੀ ਦੇ ਟਿੱਪਰ ਦੀ ਕੀਮਤ 40 ਹਜ਼ਾਰ ਰੁਪਏ ਤੋਂ ਘੱਟ ਨਹੀਂ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਗਰੀਬ ਅਤੇ ਮੱਧ ਵਰਗ ਦੇ ਲੋਕ ਕਿਸ ਤਰ੍ਹਾਂ ਘਰ ਬਣਾਉਣ ਦੀ ਸੋਚ ਸਕਦੇ ਹਨ। ਪੰਜਾਬ ਵਿਚ ਮਾਈਨਿੰਗ ਪਾਲਿਸੀ ਨਾ ਆਉਣ ਦੇ ਕਾਰਨ ਰੇਤ ਦੇ ਭਾਅ ਅਸਮਾਨ ਨੂੰ ਛੂੁਹਣ ਲੱਗੇ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮਾਈਨਿੰਗ ਨੂੰ ਲੈ ਕੇ ਸਰਵੇ ਵੀ ਕਰਵਾਇਆ ਗਿਆ ਸੀ ਅਤੇ ਇਸ ’ਤੇ ਵਿਚਾਰ ਚਰਚਾ ਵੀ ਕੀਤੀ ਗਈ ਸੀ। ਇਥੋਂ ਤੱਕ ਕਿ ਮਾਹਿਰਾਂ ਦੀ ਸਲਾਹ ਵੀ ਲਈ ਗਈ ਸੀ, ਪਰ ਇਸਦੇ ਬਾਵਜੂਦ ਹੁਣ ਤੱਕ ਪੰਜਾਬ ਵਿਚ ਮਾਈਨਿੰਗ ਪਾਲਿਸੀ ਕੈਬਨਿਟ ਵਿਚ ਪਾਸ ਹੋ ਕੇ ਲਾਗੂ ਨਹੀਂ ਹੋ ਸਕੀ। ਮਾਈਨਿੰਗ ਪਾਲਿਸੀ ਨਾ ਆਉਣ ਦੇ ਕਾਰਨ ਰੇਤ ਮਾਫੀਆ ਦਾ ਰਾਜ ਹੁਣ ਵੀ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ।

 

Check Also

ਦਿਲਜੀਤ ਦੋਸਾਂਝ ਦੇ ਹੱਕ ’ਚ ਗਰਜੇ ਭਗਵੰਤ ਮਾਨ

  ਕਿਹਾ : ਦਿਲਜੀਤ ਵਰਗੇ ਕਲਾਕਾਰਾਂ ਦਾ ਕਰਨਾ ਚਾਹੀਦੈ ਸਨਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …