ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਾਅਦਾ ਖ਼ਿਲਾਫ਼ੀ ਅਤੇ ਪੰਜਾਬ ਸਰਕਾਰ ਦੀ ਟਾਲ-ਮਟੋਲ ਨੀਤੀ ਖ਼ਿਲਾਫ਼ ਕੱਚੇ ਅਧਿਆਪਕਾਂ ਨੇ ਦੂਜੀ ਵਾਰ ਮੰਗਲਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਘੇਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ। ਪਿਛਲੀ ਵਾਰ ਵਾਂਗ ਪੰਜਾਬ ਪੁਲਿਸ ਨੇ ਅਧਿਆਪਕਾਂ ਨੂੰ ਮੁਹਾਲੀ ਤੋਂ ਤਾਂ ਲੰਘਾ ਦਿੱਤਾ ਪਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੱਤਾ।
ਇਸ ਦੌਰਾਨ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਵੀ ਕੀਤਾ। ਕਈ ਅਧਿਆਪਕਾਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਸ ਦੌਰਾਨ ਅਧਿਆਪਕ ਆਗੂਆਂ ਨੇ ਕਿਹਾ ਕਿ ਕਿ ਵੱਡੀ ਗਿਣਤੀ ਵਿੱਚ ਅਧਿਆਪਕ ਵੱਖ-ਵੱਖ ਸਕੀਮਾਂ ਰਾਹੀਂ ਪਿਛਲੇ ਲਗਪਗ 15-17 ਸਾਲਾਂ ਤੋਂ 6 ਤੋਂ 11 ਹਜ਼ਾਰ ਰੁਪਏ ਦੀਆਂ ਨਿਗੂਣੀਆਂ ਤਨਖਾਹਾਂ ਉਤੇ ਕੰਮ ਕਰਦੇ ਆ ਰਹੇ ਹਨ ਅਤੇ ਹੁਣ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਲਈ ਸੜਕਾਂ ਉੱਤੇ ਰੁਲ਼ਣ ਲਈ ਮਜਬੂਰ ਹਨ।
29 ਜੂਨ ਦੇ ਰੋਸ ਮਾਰਚ ਦੌਰਾਨ ਅਧਿਆਪਕ ਚੰਡੀਗੜ੍ਹ ਪੁਲਿਸ ਦੇ ਬੈਰੀਕੇਡ ਤੋੜ ਕੇ ਅੱਗੇ ਵਧ ਗਏ ਸਨ ਪਰ ਹੁਣ ਚੰਡੀਗੜ੍ਹ ਦੇ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਖੁਦ ਮੋਰਚਾ ਸੰਭਾਲਿਆ।
ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ, ਦਵਿੰਦਰ ਸਿੰਘ, ਰੀਤੂ ਬਾਲਾ ਕਪੂਰਥਲਾ, ਅਮਨਦੀਪ ਕੌਰ, ਰਵਨੀਤ ਕੌਰ, ਗਗਨਦੀਪ ਕੌਰ ਅਬੋਹਰ, ਗੁਰਪ੍ਰੀਤ ਕੌਰ ਅਤੇ ਜੁਝਾਰ ਸਿੰਘ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰ, ਈਜੀਐੱਸ, ਐੱਸਟੀਆਰ, ਏਆਈਈ ਅਤੇ ਆਈਈਵੀ ਵਲੰਟੀਅਰ ਪੱਕੀ ਨੌਕਰੀ ਲਈ ਪਿਛਲੇ ਤਿੰਨ ਹਫਤਿਆਂ ਤੋਂ ਮੁਹਾਲੀ ਸਥਿਤ ਸਿੱਖਿਆ ਸਕੱਤਰ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰ ਰਹੇ ਹਨ। 29 ਜੂਨ ਨੂੰ ਰੋਸ ਮਾਰਚ ਦੌਰਾਨ ਅਧਿਆਪਕਾਂ ਦੇ ਵਫ਼ਦ ਨਾਲ ਮੁਲਾਕਾਤ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਕੈਪਟਨ ਸੰਦੀਪ ਸੰਧੂ ਨੇ ਭਰੋਸਾ ਦਿੱਤਾ ਸੀ ਕਿ ਛੇ ਜੁਲਾਈ ਨੂੰ 11 ਵਜੇ ਪੰਜਾਬ ਭਵਨ ਵਿੱਚ ਸਿੱਖਿਆ ਮੰਤਰੀ, ਵਿੱਤ ਮੰਤਰੀ, ਪ੍ਰਮੁੱਖ ਸਕੱਤਰ, ਸਿੱਖਿਆ ਸਕੱਤਰ ਸਮੇਤ ਉਚ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇਗੀ ਪਰ ਜਦੋਂ ਵਾਅਦੇ ਮੁਤਾਬਕ ਅਧਿਆਪਕਾਂ ਦਾ ਵਫ਼ਦ ਮੀਟਿੰਗ ਲਈ ਗਿਆ ਤਾਂ ਉਥੇ ਖਜ਼ਾਨਾ ਮੰਤਰੀ ਸਮੇਤ ਹੋਰ ਕਈ ਉੱਚ ਅਧਿਕਾਰੀ ਸ਼ਾਮਲ ਨਹੀਂ ਹੋਏ। ਇਸ ਤੋਂ ਖਫ਼ਾ ਹੋ ਕੇ ਉਨ੍ਹਾਂ ਨੂੰ ਵਾਪਸ ਆ ਕੇ ਇਹ ਰੋਸ ਮਾਰਚ ਕਰਨਾ ਲਈ ਮਜਬੂਰ ਹੋਣਾ ਪਿਆ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …