Breaking News
Home / ਪੰਜਾਬ / ਕੇਸਰਾ ਰਾਮ, ਜ਼ੁਬੈਰ ਅਹਿਮਦ ਤੇ ਹਰਕੀਰਤ ਕੌਰ ਚਹਿਲ ਨੂੰ ਮਿਲੇਗਾ ਢਾਹਾਂ ਪੁਰਸਕਾਰ

ਕੇਸਰਾ ਰਾਮ, ਜ਼ੁਬੈਰ ਅਹਿਮਦ ਤੇ ਹਰਕੀਰਤ ਕੌਰ ਚਹਿਲ ਨੂੰ ਮਿਲੇਗਾ ਢਾਹਾਂ ਪੁਰਸਕਾਰ

ਜਲੰਧਰ/ਬਿਊਰੋ ਨਿਊਜ਼ : ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਦਿੱਤਾ ਜਾਣ ਵਾਲਾ ਢਾਹਾਂ ਪੁਰਸਕਾਰ ਇਸ ਵਾਰ ਗੁਰਮੁਖੀ ਤੇ ਸ਼ਾਹਮੁਖੀ ਵਿਚ ਸਾਹਿਤ ਰਚਣ ਵਾਲਿਆਂ ਦੇ ਹਿੱਸੇ ਆਇਆ ਹੈ। ਸਿਰਸਾ ਦੇ ਰਹਿਣ ਵਾਲੇ ਕੇਸਰਾ ਰਾਮ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਨਾਲ ਢਾਹਾਂ ਪੁਰਸਕਾਰ 2020 ਦਿੱਤਾ ਜਾਵੇਗਾ। ਕੇਸਰਾ ਰਾਮ ਵੱਲੋਂ ਲਿਖੇ ਕਹਾਣੀ ਸੰਗ੍ਰਹਿ ‘ਜ਼ਨਾਨੀ ਪੌਦ’ ਨੇ ਇਹ ਪੁਰਸਕਾਰ ਜਿੱਤਿਆ ਹੈ। ਇਸ ਤੋਂ ਇਲਾਵਾ ਲਾਹੌਰ ਦੇ ਰਹਿਣ ਵਾਲੇ ਲੇਖਕ ਜ਼ੁਬੈਰ ਅਹਿਮਦ ਨੂੰ 10 ਹਜ਼ਾਰ ਕੈਨੇਡੀਅਨ ਡਾਲਰ ਦਿੱਤੇ ਜਾਣਗੇ। ਉਨ੍ਹਾਂ ਵੱਲੋਂ ਸ਼ਾਹਮੁਖੀ ਵਿਚ ਲਿਖੇ ਕਹਾਣੀ ਸੰਗ੍ਰਹਿ ‘ਪਾਣੀ ਦੀ ਕੰਧ’ ਸਮੇਤ ਹੋਰ ਲਿਖੀਆਂ ਕਹਾਣੀਆਂ ਬਦਲੇ ਇਹ ਸਨਮਾਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਹਰਕੀਰਤ ਕੌਰ ਚਹਿਲ ਵੱਲੋਂ ਲਿਖੇ ਨਾਵਲ ‘ਆਦਮ ਗ੍ਰਹਿਣ’ ਲਈ 10 ਹਜ਼ਾਰ ਕੈਨੇਡੀਅਨ ਡਾਲਰ ਦਿੱਤੇ ਜਾਣਗੇ। ਢਾਹਾਂ ਪੁਰਸਕਾਰ 2014 ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਵਾਰ ਕਰੋਨਾ ਮਹਾਮਾਰੀ ਕਾਰਨ ਇਨਾਮ ਵੰਡ ਸਮਾਗਮ ਵਰਚੁਅਲ ਹੋਵੇਗਾ ਜੋ 7 ਨਵੰਬਰ ਨੂੰ ਦਿੱਤੇ ਜਾਣਗੇ। ਪ੍ਰਬੰਧਕਾਂ ਨੇ ਕਿਹਾ ਕਿ ਦੁਨੀਆ ਭਰ ਵਿਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਇਹ ਪੁਰਸਕਾਰ ਕੈਨੇਡਾ-ਇੰਡੀਆ ਐਜੂਕੇਸ਼ਨ ਸੁਸਾਇਟੀ ਵੱਲੋਂ ਦਿੱਤਾ ਜਾਂਦਾ ਹੈ, ਜਿਸ ਵਿਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦਾ ਵਿਭਾਗ ਏਸ਼ੀਅਨ ਸਟੱਡੀਜ਼ ਵੀ ਭਾਈਵਾਲ ਹੁੰਦਾ ਹੈ। ਬ੍ਰਿਜ ਢਾਹਾਂ, ਰੀਟਾ ਢਾਹਾਂ ਅਤੇ ਪਰਿਵਾਰ ਵੱਲੋਂ ਇਹ ਪੁਰਸਕਾਰ ਐਲਾਨੇ ਗਏ ਹਨ। ਬ੍ਰਿਜ ਢਾਹਾਂ ਨੇ ਦੱਸਿਆ ਕਿ ਹਰਕੀਰਤ ਕੌਰ ਚਹਿਲ ਨੇ ਨਾਵਲ ‘ਆਦਮ ਗ੍ਰਹਿਣ’ ਵਿਚ ਲਿੰਗ ਅਨੁਪਾਤ ਬਾਰੇ ਕੀਤੇ ਜਾ ਰਹੇ ਵਿਤਕਰੇ ਅਤੇ ਜਿਨ੍ਹਾਂ ਲੋਕਾਂ ਦੀ ਬਹੁਤੀ ਪੁੱਛ-ਪ੍ਰਤੀਤ ਨਹੀਂ ਕੀਤੀ ਜਾਂਦੀ, ਉਨ੍ਹਾਂ ਦੇ ਜੀਵਨ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ।

Check Also

ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ

ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …