ਯੂਥ ਅਕਾਲੀ ਦਲ ਵੱਲੋਂ ਜਲੰਧਰ ‘ਚ ਰੋਸ ਮੁਜ਼ਾਹਰਾ – ਕਾਂਗਰਸ ‘ਤੇ ਧਰਮਸੋਤ ਨੂੰ ਬਚਾਉਣ ਦਾ ਇਲਜ਼ਾਮ
ਜਲੰਧਰ/ਬਿਊਰੋ ਨਿਊਜ਼ : ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਹੋਏ 69 ਕਰੋੜ ਤੋਂ ਵੱਧ ਦੇ ਘੁਟਾਲੇ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਹੇਠ ਜਲੰਧਰ ‘ਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਰਾਹੁਲ ਗਾਂਧੀ ਨੂੰ ਸਵਾਲ ਕਰਦਿਆਂ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਪੁੱਛਿਆ ਕਿ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਦੇ ਪੈਸੇ ਖੁਰਦ-ਬੁਰਦ ਕਰਨ ਵਾਲੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਾਂਗਰਸ ਹਾਈਕਮਾਨ ਕਿਉਂ ਬਚਾ ਰਹੀ ਹੈ। ਇਸ ਦੌਰਾਨ ਰੋਸ ਮੁਜ਼ਾਹਰਾ ਕਰਦਿਆਂ ਉਨ੍ਹਾਂ ਮਾਮਲੇ ਦੀ ਸੀਬੀਆਈ ਜਾਂਚ ਮੰਗੀ ਹੈ।
ਦੱਸਣਯੋਗ ਹੈ ਕਿ ਯੂਥ ਅਕਾਲੀ ਦਲ ਦੇ ਕਾਰਕੁਨ ਪੁਲਿਸ ਬੈਰੀਕੇਡ ਤੋੜ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਡਾ. ਬੀਆਰ ਅੰਬੇਡਕਰ ਚੌਕ ਪੁੱਜੇ, ਜਿੱਥੇ ਉਨ੍ਹਾਂ ‘ਰਾਹੁਲ ਦਾ ਸਾਧੂ ਚੋਰ ਹੈ’, ‘ਕਾਂਗਰਸ ਦਾ ‘ਸਾਧੂ’ ਚੋਰ ਹੈ’ ਦੇ ਨਾਅਰੇ ਲਾਏ। ਰੋਸ ਪ੍ਰਦਰਸ਼ਨ ਦੌਰਾਨ ਇਹ ਨਾਅਰੇ ਸ਼ਹਿਰ ਦੀਆਂ ਸੜਕਾਂ ‘ਤੇ ਗੂੰਜਦੇ ਰਹੇ। ਉਧਰ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਸ ਘੁਟਾਲੇ ਕਾਰਨ ਤਿੰਨ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਗਿਆ ਹੈ। ਇਸ ਦਾ ਜ਼ਿੰਮੇਵਾਰ ਕੌਣ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਕਿਹਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਦੋਵੇਂ ਕੌਮੀ ਪਾਰਟੀਆਂ ਕਾਂਗਰਸ ਤੇ ਭਾਜਪਾ ਦਲਿਤਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀਆਂ ਹਨ। ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੰਤਰੀ ਧਰਮਸੋਤ ਤੇ ਵਿਧਾਇਕ ਧਾਲੀਵਾਲ ਨੂੰ ਅਸਲ ਜਾਂਚ ਵਿੱਚ ਕਸੂਰਵਾਰ ਕਰਾਰ ਦਿੱਤਾ ਗਿਆ ਸੀ, ਪਰ ਇਹ ਦੋਸ਼ ਹੁਣ ਕਲੈਰੀਕਲ ਸਟਾਫ਼ ਸਿਰ ਮੜ੍ਹਨ ਦਾ ਯਤਨ ਕੀਤਾ ਜਾ ਰਿਹਾ ਹੈ। ਰੋਮਾਣਾ ਤੇ ਸਰਬਜੋਤ ਸਾਬੀ ਦੀ ਅਗਵਾਈ ਹੇਠ ਯੂਥ ਅਕਾਲੀ ਦੇ ਵਰਕਰਾਂ ਨੇ ਡਾ. ਬੀਆਰ ਅੰਬੇਡਕਰ ਨੂੰ ਅੰਬੇਡਕਰ ਚੌਕ ਵਿਚ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਪ੍ਰਣ ਲਿਆ ਕਿ ਜਦੋਂ ਤੱਕ ਇਸ ਕੇਸ ਵਿਚ ਧਰਮਸੋਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਨਹੀਂ ਭੇਜਿਆ ਜਾਂਦਾ, ਉਹ ਨਿਆਂ ਲੈਣ ਵਾਸਤੇ ਸੰਘਰਸ਼ ਕਰਦੇ ਰਹਿਣਗੇ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …