ਨਸ਼ੇ ਕਾਰਨ ਕਈਆਂ ਨੇ ਸਕੂਲ-ਕਾਲਜ ਛੱਡਿਆ, ਕਈਆਂ ਦੇ ਰਿਸ਼ਤੇ ਟੁੱਟੇ ਹੁਣ ਨਸ਼ਾਮੁਕਤ ਕੇਂਦਰ ‘ਚ ਇਲਾਜ ਕਰਵਾ ਰਹੀਆਂ ਹਨ ਲੜਕੀਆਂ
ਕਪੂਰਥਲਾ : ਨਸ਼ੇ ਦੀ ਆਦਤ ਨੇ ਪੰਜਾਬ ਦੇ ਨੌਜਵਾਨਾਂ ਤੋਂ ਇਲਾਵਾ ਸਕੂਲ-ਕਾਲਜ ਜਾਣ ਵਾਲੀਆਂ ਲੜਕੀਆਂ ਨੂੰ ਵੀ ਕਿਸ ਹੱਦ ਤੱਕ ਜਕੜਿਆ ਹੋਇਆ ਹੈ, ਲੰਘੇ 3 ਮਹੀਨਿਆਂ ਵਿਚ ਲਾਕ ਡਾਊਨ ਨੇ ਅਜਿਹਾ ਉਜਾਗਰ ਕੀਤਾ ਹੈ। ਪੰਜਾਬ ‘ਚ ਲੱਗੇ ਕਰਫਿਊ ਕਰਕੇ ਨਸ਼ੇ ਦੀ ਸਪਲਾਈ ਚੇਨ ਟੁੱਟੀ, ਤਾਂ ਕਈ ਪਰਿਵਾਰਾਂ ਦੀਆਂ ਲੜਕੀਆਂ ਵੀ ਨਸ਼ਾ ਛੁਡਾਊ ਕੇਂਦਰਾਂ ਵਿਚ ਪਹੁੰਚਣ ਲੱਗੀਆਂ। ਪੰਜਾਬ ਵਿਚ ਪਹਿਲੀ ਵਾਰ ਤਿੰਨ ਮਹੀਨਿਆਂ ਵਿਚ ਇਕ ਲੱਖ ਤੋਂ ਜ਼ਿਆਦਾ ਨਸ਼ੇ ਦੇ ਆਦੀ ਨਸ਼ਾ ਛੱਡਣ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਕਈ ਲੜਕੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਨਸ਼ਿਆਂ ਦੀ ਪੂਰਤੀ ਲਈ ਕਈ ਗਲਤ ਰਸਤੇ ਵੀ ਅਖਤਿਆਰ ਕਰਨ ਲਈ ਮਜਬੂਰ ਹੋਣਾ ਪਿਆ। ਕਈ ਲੜਕੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਾਲਜ ਵਿਚੋਂ ਨਸ਼ੇ ਦੀ ਆਦਤ ਲੱਗੀ। ਇਕ ਸੈਂਟਰ ਦੇ ਨੋਡਲ ਅਫਸਰ ਡਾ. ਸੰਜੀਵ ਭੋਲਾ ਮੁਤਾਬਕ ਫਿਲਹਾਲ ਸੈਂਟਰ ਵਿਚ 159 ਮਹਿਲਾਵਾਂ ਰਜਿਸਟਰਡ ਹਨ, ਇਨ੍ਹਾਂ ਵਿਚੋਂ 95 ਫੀਸਦੀ ਲੜਕੀਆਂ 18 ਤੋਂ 25 ਸਾਲ ਉਮਰ ਦੀਆਂ ਹਨ। 25 ਲੜਕੀਆਂ 21 ਦਿਨ ਦਾ ਕੋਰਸ ਲੈ ਰਹੀਆਂ ਹਨ, ਇਨ੍ਹਾਂ ਵਿਚੋਂ 7 ਦਾ ਅਜੇ ਤੱਕ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਲੜਕੀਆਂ ਨੂੰ ਹਰ ਰੋਜ਼ ਯੋਗ, ਮੈਡੀਟੇਸ਼ਨ ਕਰਾਉਂਦੇ ਹਾਂ। ਦਵਾਈਆਂ ਤੋਂ ਇਲਾਵਾ ਕਾਊਂਸਲਿੰਗ ਅਤੇ ਖੇਡਾਂ ਨਾਲ ਉਨ੍ਹਾਂ ਦਾ ਮਨੋਬਲ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਉਹ ਨਸ਼ੇ ਤੋਂ ਅਜ਼ਾਦ ਹੋ ਸਕਣ।
ਲੁਧਿਆਣਾ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ 50 ਹਜ਼ਾਰ ਮਰੀਜ਼ ਸੈਂਟਰ ਪਹੁੰਚੇ
ਸਿਵਲ ਹਸਪਤਾਲ ਲੁਧਿਆਣਾ ਦੇ ਡਰੱਗ ਅਡਿਕਸ਼ਨ ਸੈਂਟਰ ਵਿਚ ਸੀਤਾ ਆਪਣੇ ਮਾਸੂਮ ਬੱਚੇ ਨਾਲ ਬੈਠੀ ਡਾਕਟਰ ਦਾ ਇੰਤਜ਼ਾਰ ਕਰ ਰਹੀ ਹੈ। ਉਹ ਪਹਿਲੀ ਵਾਰੀ ਇਸ ਸੈਂਟਰ ਵਿਚ ਆਈ ਹੈ। ਉਸਨੇ ਦੱਸਿਆ ਕਿ ਮੇਰੇ ਪਤੀ ਦੋ ਸਾਲ ਤੋਂ ਨਸ਼ਾ ਕਰ ਰਹੇ ਹਨ, ਉਸ ਨੂੰ ਲੈ ਕੇ ਆਈ ਹਾਂ। ਉਹ ਮੰਡੀ ਵਿਚ ਠੇਕੇਦਾਰ ਹੈ। ਲਾਕ ਡਾਊਨ ਵਿਚ ਨਸ਼ਾ ਮਿਲਣਾ ਬੰਦ ਹੋ ਗਿਆ ਤਾਂ ਇੱਥੇ ਲਿਆਉਣਾ ਪਿਆ। ਲੁਧਿਆਣਾ ਵਿਚ ਨਸ਼ੇ ਦੇ ਸ਼ਿਕਾਰ ਮਰੀਜ਼ਾਂ ਦੀ ਸੰਖਿਆ ਲਾਕ ਡਾਊਨ ਤੋਂ ਬਾਅਦ ਕਾਫੀ ਵਧ ਗਈ ਹੈ। ਸੈਂਟਰ ਦੇ ਡਾਕਟਰ ਵਿਵੇਕ ਦੱਸਦੇ ਹਨ ਕਿ ਲੰਘੇ ਤਿੰਨ ਮਹੀਨਿਆਂ ਵਿਚ 50 ਹਜ਼ਾਰ ਤੋਂ ਜ਼ਿਆਦਾ ਨਸ਼ੇੜੀ ਸੈਂਟਰ ਪਹੁੰਚੇ ਹਨ। ਇਹ ਸਾਰੀ ਭੀੜ ਲਾਕ ਡਾਊਨ ਤੋਂ ਬਾਅਦ ਹੀ ਵਧੀ ਹੈ। ਡਾਕਟਰ ਹੋਰਾਂ ਦੱਸਿਆ ਕਿ ਅਸੀਂ ਇਨ੍ਹਾਂ ਸਾਰਿਆਂ ਨੂੰ ਦਵਾਈ ਦੇ ਰਹੇ ਹਾਂ ਅਤੇ ਦਾਖਲ ਵੀ ਕਰ ਰਹੇ ਹਾਂ।
ਲਾਕ ਡਾਊਨ ਵਿਚ 1 ਲੱਖ 20 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ
ਪੰਜਾਬ ਵਿਚ ਨਸ਼ੇ ਦੇ ਵਧਦੇ ਮਰੀਜ਼ਾਂ ਨੂੰ ਦਵਾਈ ਦੇਣ ਲਈ 198 ਓਟ ਯਾਨੀ ਆਊਟ ਪੇਸੈਂਟ ਓਪੀਓਡਡ ਅਸਿਸਟੈਂਟ ਟਰੀਟਮੈਂਟ ਸੈਂਟਰ ਹਨ। ਲਾਕ ਡਾਊਨ ਵਿਚ ਕਰੀਬ 1 ਲੱਖ 20 ਹਜ਼ਾਰ ਵਿਅਕਤੀਆਂ ਦਾ ਓਟ ਨਾਲ ਇਲਾਜ ਹੋ ਰਿਹਾ ਹੈ। ਸੂਬੇ ਵਿਚ ਲਾਕ ਡਾਊਨ ਤੋਂ ਪਹਿਲਾਂ 4 ਲੱਖ 14 ਹਜ਼ਾਰ ਵਿਅਕਤੀ ਇਲਾਜ ਕਰਵਾ ਰਹੇ ਸਨ, ਜੋ ਹੁਣ 5 ਲੱਖ 35 ਹਜ਼ਾਰ ਹੋ ਗਏ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …