ਰੱਦ ਹੋਏ 69 ਪਰਮਿਟਾਂ ਵਿਚੋਂ 37 ਬਾਦਲ ਪਰਿਵਾਰ ਦੀਆਂ ਕੰਪਨੀਆਂ ਨਾਲ ਸਬੰਧਤ
ਚੰਡੀਗੜ੍ਹ/ਬਿਊਰੋ ਨਿਊਜ਼ : ਟਰਾਂਸਪੋਰਟ ਵਿਭਾਗ ਨੇ ਪ੍ਰਾਈਵੇਟ ਬੱਸ ਕੰਪਨੀਆਂ ਦੀ ਅਜਾਰੇਦਾਰੀ ਖ਼ਤਮ ਕਰਦਿਆਂ ਵੱਖ-ਵੱਖ ਰੂਟਾਂ ਤੋਂ ਚੰਡੀਗੜ੍ਹ ਆਉਂਦੀਆਂ ਤੇ ਜਾਂਦੀਆਂ ਏਸੀ ਲਗਜ਼ਰੀ ਬੱਸਾਂ ਦੇ 69 ਪਰਮਿਟ ਰੱਦ ਕਰ ਦਿਤੇ ਹਨ। ਪ੍ਰਾਈਵੇਟ ਕੰਪਨੀਆਂ ਦੇ ਰੱਦ ਕੀਤੇ ਪਰਮਿਟਾਂ ਵਿਚ 37 ਪਰਮਿਟ ਬਾਦਲ ਪਰਵਾਰ ਦੀ ਮਲਕੀਅਤ ਜਾਂ ਹਿੱਸੇਦਾਰੀ ਵਾਲੀ ਕੰਪਨੀਆਂ ਜੁਝਾਰ ਕੰਸਟਰਕਸ਼ਨ ਐਂਡ ਟ੍ਰੈਵਲਜ਼ ਪ੍ਰਾਈਵੇਟ ਲਿਮ., ਆਰਬਿਟ ਏਵੀਏਸ਼ਨ ਅਤੇ ਡੱਬਵਾਲੀ ਟਰਾਂਸਪੋਰਟ ਕੰਪਨੀ ਨਾਲ ਸਬੰਧਤ ਹਨ। ਮਜ਼ੇਦਾਰ ਗੱਲ ਇਹ ਹੈ ਕਿ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਓ) ਬਠਿੰਡਾ ਵਲੋਂ ਰੱਦ ਕੀਤੇ ਗਏ 16 ਪਰਮਿਟਾਂ ਵਿਚੋਂ 14 ਪਰਮਿਟ ਬਾਦਲ ਪਰਿਵਾਰ ਦੀਆਂ ਕੰਪਨੀਆਂ 6 ਡੱਬਵਾਲੀ ਅਤੇ 8 ਆਰਬਿਟ ਕੰਪਨੀ ਦੇ ਹਨ।
ਸੂਤਰਾਂ ਅਨੁਸਾਰ ਬੇਸ਼ੱਕ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਓ) ਪਟਿਆਲਾ, ਫ਼ਿਰੋਜ਼ਪੁਰ, ਬਠਿੰਡਾ ਅਤੇ ਜਲੰਧਰ ਨੇ ਇਹ ਪਰਮਿਟ ਰੱਦ ਕਰ ਦਿਤੇ ਹਨ ਪਰ ਇਸ ਦੇ ਬਾਵਜੂਦ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਦਾ ਚੰਡੀਗੜ੍ਹ ਆਉਣਾ ਤੇ ਜਾਣਾ ਬੇਰੋਕ ਜਾਰੀ ਹੈ। ਇਹੋ ਨਹੀਂ, ਬਠਿੰਡਾ ਖੇਤਰ ਵਿਚ ਸਮਾਂ ਸਾਰਣੀ ਵਿਚ ઠਬਦਲਾਅ ਕਰਦਿਆਂ ਬਾਦਲ ਪਰਵਾਰ ਦੀਆਂ ਕੰਪਨੀਆਂ ਨੂੰ ਸਟੇਟ ਟਰਾਂਸਪੋਰਟ ਨਾਲੋਂ ਵੱਧ ਸਮਾਂ ਦੇਣ ਦੀਆਂ ਕਨਸੋਆ ਵੀ ਮਿਲ ਰਹੀਆਂ ਹਨ। ઠਪੰਜਾਬ ਰੋਡਵੇਜ਼ ਦੀਆਂ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਪ੍ਰਾਈਵੇਟ ਬੱਸਾਂ ਦਾ ਪਹੀਆ ਜਾਮ ਕਰਨ ਲਈ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਪਿਛਲੇ ਦਿਨੀ ਵਿਸ਼ੇਸ਼ ਮੀਟਿੰਗ ਵੀ ਕੀਤੀ ਹੈ। ਜਿਹੜੇ ਪਰਮਿਟ ਰੱਦ ਕੀਤੇ ਗਏ ਹਨ, ਅਕਾਲੀ ਭਾਜਪਾ ਸ਼ਾਸਨ ਦੇ ਦਸ ਸਾਲਾਂ ਦੌਰਾਨ ਕਿਲੋਮੀਟਰਾਂ ਵਿਚ ਤਿੰਨ ਤੋਂ ਚਾਰ ਵਾਰ ਵਾਧਾ ਕੀਤਾ ਗਿਆ ਸੀ ਅਤੇ ਅੱਗੇ ਤੋਂ ਅੱਗੇ ਤਿੰਨ ਚਾਰ ਵਾਰੀ ਪਰਮਿਟ ਦੀ ਮਲਕੀਅਤ ਵੀ ਬਦਲੀ ਗਈ। ਭਾਵੇਂ ਜ਼ਿਆਦਾਤਰ ਪਰਮਿਟ ਬਾਦਲ ਪਰਿਵਾਰ ਦੀ ਹਿੱਸੇਦਾਰੀ ਵਾਲੀਆਂ ਕੰਪਨੀਆਂ ਦੇ ਰੱਦ ਹੋਏ ਹਨ ਪਰ ਕੁੱਝ ਹੋਰਨਾਂ ਅਕਾਲੀ, ਕਾਂਗਰਸੀ ਟਰਾਂਸਪੋਰਟਰਾਂ ਦੀਆਂ ਕੰਪਨੀਆਂ ਵੀ ਹਨ।