Breaking News
Home / ਪੰਜਾਬ / ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ‘ਤੇ ਬਾਦਲ ਪਰਿਵਾਰ ਨਾਲ ਮਿਲੇ ਹੋਣ ਦੇ ਲਾਏ ਦੋਸ਼

ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ‘ਤੇ ਬਾਦਲ ਪਰਿਵਾਰ ਨਾਲ ਮਿਲੇ ਹੋਣ ਦੇ ਲਾਏ ਦੋਸ਼

‘ਆਪ’ ਵੱਲੋਂ ਸਿਆਸੀ ਕਾਨਫਰੰਸਾਂ ਕਰਨ ਦਾ ਐਲਾਨ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਆਪਣੀਆਂ ਰਾਜਸੀ ਸਰਗਰਮੀਆਂ ਵਧਾਉਂਦਿਆਂ ਆਉਂਦੇ ਦਿਨਾਂ ਦੌਰਾਨ ਸਿਆਸੀ ਕਾਨਫਰੰਸਾਂ ਕਰਨ ਅਤੇ ਸਰਕਾਰ ਨਾਲ ਮੱਥਾ ਲਾਉਣ ਦਾ ਐਲਾਨ ਕੀਤਾ ਹੈ। ‘ਆਪ’ ਆਗੂਆਂ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ ਅਤੇ ਵਿਧਾਇਕ ઠਅਮਨ ਅਰੋੜਾ ਦੀ ਅਗਵਾਈ ਵਿਚ ਹੋਈ ਸਾਰੇ ਵਿਧਾਇਕਾਂ ਦੀ ਮੀਟਿੰਗ ਵਿਚ ਕੈਪਟਨ ਸਰਕਾਰ ‘ਤੇ ਵਾਅਦਿਆਂ ਤੋਂ ਭੱਜਣ ਅਤੇ ਲੋਕ ਵਿਰੋਧੀ ਫੈਸਲੇ ਲੈਣ ਦਾ ਦੋਸ਼ ਲਗਾਇਆ ਗਿਆ। ਮੀਟਿੰਗ ਵਿਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵੀ ਸ਼ਾਮਲ ਹੋਏ।ਪੱਤਰਕਾਰਾਂ ਨਾਲ ਗੱਲ ਕਰਦਿਆਂ ਮਾਨ, ਖਹਿਰਾ ਅਤੇ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਉਪਰ ਬਾਦਲ ਪਰਿਵਾਰ ਨਾਲ ਮਿਲੇ ਹੋਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ‘ਆਪ’ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਪੰਜਾਬ ਨੂੰ ‘ਮਿਲ ਕੇ ਲੁੱਟ ਰਹੇ’ ਇਨ੍ਹਾਂ ਦੇ ਸਿਆਸੀ ਗੱਠਜੋੜ ਨੂੰ ਜਨਤਾ ਵਿਚ ਜਾ ਕੇ ਬੇਪਰਦ ਕਰੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪੰਜਾਬ ਦੀ ਜਨਤਾ ਉਪਰ ਨਵੇਂ ਟੈਕਸਾਂ ਰਾਹੀਂ ਹੋਰ ਵਿੱਤੀ ਬੋਝ ਪਾਉਣ ਦੇ ਘੜੇ ਜਾ ਰਹੇ ਮਨਸੂਬਿਆਂ ਨੂੰ ਲਾਗੂ ਨਹੀਂ ਹੋਣ ਦੇਵੇਗੀ। ‘ਆਪ’ ਆਗੂਆਂ ਨੇ ਦੱਸਿਆ ਕਿ ਪਾਰਟੀ 7 ਅਗਸਤ ਨੂੰ ਬਾਬਾ ਬਕਾਲਾ ਵਿਖੇ ‘ਰੱਖੜ ਪੁੰਨਿਆਂ’ ਮੌਕੇ ਅਤੇ 15 ਅਗਸਤ ਨੂੰ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਕਾਨਫਰੰਸ ਕਰੇਗੀ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਅਤੇ ਘਰ-ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦਿਆਂ ਤੋਂ ਭੱਜ ਰਹੇ ਹਨ। ਇਸ ਕਾਰਨ ਕਾਂਗਰਸ ਸਰਕਾਰ ਦੌਰਾਨ 150 ਕਿਸਾਨ ਅਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਨੌਕਰੀਆਂ ਲਈ ਬੇਰੁਜ਼ਗਾਰ ਸੜਕਾਂ ‘ਤੇ ਉਤਰਨ ਤੇ ਪਾਣੀ ਦੀਆਂ ਟੈਂਕੀਅ’ ‘ਤੇ ਚੜ੍ਹਨ ਲਈ ਮਜਬੂਰ ਹਨ। ਉਨ੍ਹਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਤਰਸ ਦੇ ਅਧਾਰ ‘ਤੇ ਡੀਐਸਪੀ ਦੀ ਨੌਕਰੀ ਦੇਣ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਕੈਪਟਨ ਨੇ ਘਰ-ਘਰ ਸਰਕਾਰੀ ਨੌਕਰੀ ਦੇਣ ਦੀ ਸ਼ੁਰੂਆਤ ਬੇਅੰਤ ਸਿੰਘ ਦੇ ਪਰਿਵਾਰ ਤੋਂ ਕਰਦਿਆਂ ਅਤੇ ਉਥੇ ਹੀ ਬੰਦ ਕਰ ਦਿੱਤੀ।
ਖਹਿਰਾ ਨੇ ਕੈਪਟਨ ਉੱਤੇ ਲਾਇਆ ਗਾਇਬ ਰਹਿਣ ਦਾ ਦੋਸ਼
ਖਹਿਰਾ ਨੇ ਕੈਪਟਨ ਉਪਰ ਪੰਜਾਬ ਵਿਚੋਂ ਗਾਇਬ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਦੀ ਸਰਕਾਰ ਨੂੰ ਸਿਰਫ ਅਫਸਰ-ਬਾਬੂ ਚਲਾ ਰਹੇ ਹਨ। ਉਨ੍ਹਾਂ ਸ੍ਰੀ ਹਰਮਿੰਦਰ ਸਾਹਿਬ ਦੇ ਨਾਲ-ਨਾਲ ਪਿੰਗਲਵਾੜਾ ਸਮੇਤ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਜੀਐਸਟੀ ਤੋਂ ਬਾਹਰ ਰੱਖਣ ਦੀ ਵਕਾਲਤ ਕੀਤੀ।

 

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …