31 ਮਈ ਤੱਕ ਨਜ਼ਾਇਜ਼ ਕਬਜ਼ੇ ਛੱਡਣ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਸਿੱਧੀ ਚਿਤਾਵਨੀ ਦੇ ਦਿੱਤੀ ਹੈ। ਭਗਵੰਤ ਮਾਨ ਵਲੋਂ ਇਕ ਟਵੀਟ ਕਰਕੇ ਕਿਹਾ ਗਿਆ ਹੈ ਕਿ ਜਿਹੜੇ ਵਿਅਕਤੀਆਂ ਨੇ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ’ਤੇ ਨਾਜਇਜ਼ ਕਬਜ਼ੇ ਕੀਤੇ ਹੋਏ ਹਨ, ਭਾਵੇਂ ਉਹ ਰਾਜਨੀਤਕ ਵਿਅਕਤੀ ਹਨ ਜਾਂ ਅਫਸਰ ਜਾਂ ਫੇਰ ਕੋਈ ਰਸੂਖਦਾਰ ਵਿਅਕਤੀ ਹੋਣ। ਉਨ੍ਹਾਂ ਵਿਅਕਤੀਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ 31 ਮਈ ਤੱਕ ਉਹ ਆਪਣੇ ਨਜਾਇਜ਼ ਕਬਜ਼ੇ ਛੱਡ ਕੇ ਜ਼ਮੀਨਾਂ ਸਰਕਾਰ ਨੂੰ ਦੇ ਦੇਣ, ਨਹੀਂ ਤਾਂ ਪੁਰਾਣੇ ਖਰਚੇ ਅਤੇ ਨਵੇਂ ਪਰਚੇ ਪਾਏ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਮਾਨ ਸਰਕਾਰ ਨੇ ਪੰਜਾਬ ਵਿਚ 31 ਮਈ ਤੱਕ 5 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ ਦਾ ਟੀਚਾ ਮਿਥਿਆ ਹੋਇਆ ਹੈ ਅਤੇ ਹੁਣ ਤੱਕ ਸਰਕਾਰ ਸਿਰਫ 300 ਏਕੜ ਜ਼ਮੀਨ ਹੀ ਛੁਡਾ ਸਕੀ ਹੈ। ਇਸੇ ਦੌਰਾਨ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੋਹਾਲੀ, ਅੰਮਿ੍ਰਤਸਰ ਤੋਂ ਹੋਰ ਕਈ ਜਗ੍ਹਾ ’ਤੇ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਾ ਚੁੱਕੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਵਿਚ ਸੱਤਾ ਮਿਲਣ ਤੋਂ ਬਾਅਦ ਮਾਨ ਸਰਕਾਰ ਨੇ ਪੰਚਾਇਤੀ ਜ਼ਮੀਨਾਂ ’ਤੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਜਾਂਚ ਕਰਵਾਈ ਸੀ, ਜਿਸ ਤੋਂ ਪਤਾ ਲੱਗਾ ਸੀ ਕਿ ਪੰਜਾਬ ਵਿਚ ਕਰੀਬ 50 ਹਜ਼ਾਰ ਏਕੜ ਸਰਕਾਰੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਹਨ।