ਅੰਮ੍ਰਿਤਸਰ : ਕਰੋਨਾਵਾਇਰਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਲੰਗਰ ਸੇਵਾ ਵਾਸਤੇ ਕੇਂਦਰ ਸਰਕਾਰ ਵੱਲੋਂ ਸਿੱਖ ਸੰਸਥਾ ਨੂੰ ਜਨਤਕ ਵੰਡ ਪ੍ਰਣਾਲੀ ਤਹਿਤ ਸਸਤਾ ਰਾਸ਼ਨ ਮੁਹੱਈਆ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਪਰ ਇਸ ਫ਼ੈਸਲੇ ਸਬੰਧੀ ਹੁਣ ਤਕ ਸ਼੍ਰੋਮਣੀ ਕਮੇਟੀ ਕੋਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਪੁੱਜੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਲਗਪਗ 80 ਗੁਰਦੁਆਰਿਆਂ ਰਾਹੀਂ ਲੋੜਵੰਦ ਵਿਅਕਤੀਆਂ ਨੂੰ ਰੋਜ਼ਾਨਾ ਲੰਗਰ ਮੁਹੱਈਆ ਕਰਨ ਦੀ ਸੇਵਾ ਜਾਰੀ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਕੇਂਦਰੀ ਕੈਬਨਿਟ ਨੇ ਕਰੋਨਾਵਾਇਰਸ ਸਮੇਂ ਮਨੁੱਖਤਾ ਲਈ ਸੇਵਾ ਕਰ ਰਹੀ ਸ਼੍ਰੋਮਣੀ ਕਮੇਟੀ ਨੂੰ ਰਾਸ਼ਨ, ਜਿਸ ਵਿਚ ਕਣਕ, ਚੌਲ ਤੇ ਹੋਰ ਸਾਮਾਨ ਸ਼ਾਮਲ ਹੈ, ਜਨਤਕ ਵੰਡ ਪ੍ਰਣਾਲੀ ਤਹਿਤ ਸਸਤੇ ਰੇਟ ‘ਤੇ ਮੁਹੱਈਆ ਕਰਾਉਣ ਦਾ ਫ਼ੈਸਲਾ ਲਿਆ ਹੈ ਪਰ ਇਸ ਫ਼ੈਸਲੇ ਸਬੰਧੀ ਹੁਣ ਤਕ ਕੋਈ ਨੋਟੀਫਿਕੇਸ਼ਨ ਜਾਂ ਅਧਿਕਾਰਤ ਜਾਣਕਾਰੀ ਸ਼੍ਰੋਮਣੀ ਕਮੇਟੀ ਕੋਲ ਨਹੀਂ ਪੁੱਜੀ। ਇਸ ਸਬੰਧੀ ਕੋਈ ਪੱਤਰ ਪੁੱਜਣ ਮਗਰੋਂ ਹੀ ਲੋੜੀਂਦੀਆਂ ਸ਼ਰਤਾਂ ਬਾਰੇ ਪਤਾ ਲੱਗੇਗਾ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕਣਕ, ਚੌਲ ਤੇ ਦਾਲ ਕਿਸ ਰੇਟ ‘ਤੇ ਮੁਹੱਈਆ ਕੀਤੇ ਜਾਣਗੇ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਕੋਲ ਫਿਲਹਾਲ ਰਾਸ਼ਨ ਦਾ ਤਸੱਲੀਬਖ਼ਸ਼ ਭੰਡਾਰ ਹੈ। ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਅਪੀਲ ਕੀਤੀ ਸੀ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਾਸਤੇ ਮਾਇਕ ਮਦਦ, ਕਣਕ ਅਤੇ ਲੰਗਰ ਦੀਆਂ ਰਸਦਾਂ ਭੇਟ ਕੀਤੀਆਂ ਜਾਣ। ਸ਼੍ਰੋਮਣੀ ਕਮੇਟੀ ਵੱਲੋਂ 22 ਮਾਰਚ ਤੋਂ ਹੁਣ ਤਕ ਰੋਜ਼ਾਨਾ ਲੰਗਰ ਸੇਵਾ ਚਲਾਈ ਜਾ ਰਹੀ ਹੈ। ਮਿਲੇ ਅੰਕੜਿਆਂ ਮੁਤਾਬਕ ਇਸ ਵੇਲੇ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਲਗਪਗ 80 ਗੁਰਦੁਆਰਿਆਂ, ਜਿੱਥੋਂ ਲੰਗਰ ਤਿਆਰ ਕਰ ਕੇ ਲੋੜਵੰਦਾਂ ਨੂੰ ਵੰਡਿਆ ਜਾ ਰਿਹਾ ਹੈ, ਵਿਖੇ ਰੋਜ਼ਾਨਾ 300 ਕੁਇੰਟਲ ਆਟਾ, 75 ਕੁਇੰਟਲ ਦਾਲ ਅਤੇ ਲਗਪਗ 10 ਕੁਇੰਟਲ ਚੌਲਾਂ ਦੀ ਵਰਤੋਂ ਹੋ ਰਹੀ ਹੈ। ਇਸ ਨਾਲ ਰੋਜ਼ਾਨਾ ਡੇਢ-ਦੋ ਲੱਖ ਲੋੜਵੰਦ ਵਿਅਕਤੀਆਂ ਨੂੰ ਲੰਗਰ ਮਿਲ ਰਿਹਾ ਹੈ। ਸਿਰਫ਼ ਅੰਮ੍ਰਿਤਸਰ ਵਿਚ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ਼ਹੀਦਾਂ ਦੇ ਲੰਗਰ ਘਰ ਤੋਂ 30 ਤੋਂ 35 ਹਜ਼ਾਰ ਲੋੜਵੰਦ ਲੋਕਾਂ ਵਾਸਤੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …