Breaking News
Home / ਹਫ਼ਤਾਵਾਰੀ ਫੇਰੀ / ਜਸਟਿਨ ਟਰੂਡੋ ਤੇ ਜੋ ਬਿਡੇਨ ਵਿਚਾਲੇ ਵਰਚੂਅਲ ਮੀਟਿੰਗ ਰਾਹੀਂ ਗੱਲਬਾਤ

ਜਸਟਿਨ ਟਰੂਡੋ ਤੇ ਜੋ ਬਿਡੇਨ ਵਿਚਾਲੇ ਵਰਚੂਅਲ ਮੀਟਿੰਗ ਰਾਹੀਂ ਗੱਲਬਾਤ

ਕਰੋਨਾ ਖਿਲਾਫ਼ ਲੜਾਈ ਤੇਜ਼ ਕਰਨ ‘ਤੇ ਬਣੀ ਸਹਿਮਤੀ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋ ਬਿਡੇਨ ਵਿਚਾਲੇ ਪਹਿਲੀ ਵਰਚੂਅਲ ਮੀਟਿੰਗ ਹੋਈ। ਇਸ ਮੀਟਿੰਗ ਵਿਚ ਟਰੂਡੋ ਅਤੇ ਬਿਡੇਨ ਨੇ ਕਰੋਨਾ ਵਾਇਰਸ ਖਿਲਾਫ਼ ਲੜਾਈ ਤੇਜ ਕਰਨ ਅਤੇ ਕਰੋਨਾ ਮਹਾਂਮਾਰੀ ਕਾਰਨ ਹੋਏ ਭਾਰੀ ਨੁਕਸਾਨ ਦੀ ਭਰਪਾਈ ਕਰਨ ਲਈ ਸਹਿਮਤੀ ਪ੍ਰਗਟਾਈ। ਇਸ ਨੂੰ ਅਮਰੀਕਾ-ਕੈਨੇਡਾ ਭਾਈਵਾਲੀ ਲਈ ਨਵੇਂ ਰੋਡਮੈਪ ਦਾ ਨਾਂ ਦਿੰਦਿਆਂ ਟਰੂਡੋ ਨੇ ਆਖਿਆ ਕਿ ਇਹ ਤਰਜੀਹਾਂ ਦੋ ਮੁਲਕਾਂ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਉੱਤੇ ਅਧਾਰਿਤ ਹਨ ਤੇ ਆਉਣ ਵਾਲੇ ਸਾਲਾਂ ਵਿੱਚ ਇਹ ਕੋਸ਼ਿਸ਼ਾਂ ਹੋਰ ਤੇਜ ਹੋਣਗੀਆਂ। ਮੀਟਿੰਗ ਤੋਂ ਬਾਅਦ ਟਰੂਡੋ ਨੇ ਆਖਿਆ ਕਿ ਕੋਵਿਡ-19 ਦੌਰਾਨ, ਕਲਾਈਮੇਟ ਚੇਂਜ, ਵਧ ਰਹੀ ਅਸਮਾਨਤਾ ਆਦਿ ਵਰਗੇ ਮੁੱਦਿਆਂ ਦੇ ਸਬੰਧ ਵਿੱਚ ਹੁਣ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ। ਸਾਡਾ ਸਭ ਤੋਂ ਪਹਿਲਾ ਕੰਮ ਲੋਕਾਂ ਨੂੰ ਸੇਫ ਰੱਖਣਾ ਤੇ ਮਹਾਂਮਾਰੀ ਨੂੰ ਖਤਮ ਕਰਨਾ ਹੈ। ਬਿਡੇਨ ਨੇ ਚੀਨ ਦੇ ਜੇਲ੍ਹ ਵਿੱਚ ਬੰਦ ਕੈਨੇਡੀਅਨ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਨੂੰ ਅਜ਼ਾਦ ਕਰਵਾਉਣ ਵਿੱਚ ਮਦਦ ਕਰਨ ਦਾ ਤਹੱਈਆ ਵੀ ਪ੍ਰਗਟਾਇਆ। ਇਹ ਦੋਵੇਂ ਕੈਨੇਡੀਅਨ 10 ਦਸੰਬਰ 2018 ਤੋਂ ਚੀਨ ਵਿੱਚ ਨਜਰਬੰਦ ਹਨ। ਇਹ ਸਭ ਅਮਰੀਕਾ ਦੀ ਬੇਨਤੀ ਉੱਤੇ ਕੈਨੇਡਾ ਵੱਲੋਂ ਵੈਨਕੂਵਰ ਵਿੱਚ ਹੁਆਵੇ ਦੀ ਐਗਜੈਕਟਿਵ ਮੈਂਗ ਵਾਨਜੋਊ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਕੁੱਝ ਦਿਨ ਬਾਅਦ ਵਾਪਰਿਆ। ਬਿਡੇਨ ਨੇ ਆਖਿਆ ਕਿ ਅਸੀਂ ਉਨ੍ਹਾਂ ਨੂੰ ਵਾਪਿਸ ਲਿਆਉਣ ਲਈ ਰਲ ਕੇ ਕੰਮ ਕਰਾਂਗੇ। ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਅਮਰੀਕਾ ਇਸ ਮਾਮਲੇ ਵਿੱਚ ਕੈਨੇਡਾ ਦੀ ਕਿਵੇਂ ਮਦਦ ਕਰੇਗਾ। ਬਿਡੇਨ ਨੇ ਭਵਿੱਖ ਵਿੱਚ ਹੋਰ ਮਹਾਂਮਾਰੀਆਂ ਨੂੰ ਰੋਕਣ ਲਈ ਵਰਲਡ ਹੈਲਥ ਆਰਗੇਨਾਈਜੇਸ਼ਨ ਲਈ ਮਦਦ ਵਿੱਚ ਹੋਰ ਵਾਧਾ ਕਰਨ ਦੀ ਲੋੜ ਉੱਤੇ ਜੋਰ ਦਿੱਤਾ। ਇਹ ਸਾਬਕਾ ਵਾੲ੍ਹੀਟ ਹਾਊਸ ਪ੍ਰਸਾਸਨ ਦੀ ਪਹੁੰਚ ਤੋਂ ਬਿਲਕੁਲ ਉਲਟ ਪਹੁੰਚ ਹੈ। ਸਾਬਕਾ ਟਰੰਪ ਪ੍ਰਸਾਸ਼ਨ ਨੇ ਡਬਲਿਊ ਐਚ ਓ ਦੇ ਫੰਡਾਂ ਵਿੱਚ ਕਟੌਤੀ ਕਰ ਦਿੱਤੀ ਸੀ। ਦੋਵਾਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਆਰਥਿਕ ਰਾਹਤ ਸਭ ਤੋਂ ਪਹਿਲਾਂ ਮਹਾਂਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਿਆਂ ਨੂੰ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਦੋਵਾਂ ਮੁਲਕਾਂ ਨੇ ਕਲਾਈਮੇਟ ਚੇਂਜ ਵਾਲੇ ਪਾਸੇ ਵੀ ਰਲ ਕੇ ਕੰਮ ਕਰਨ ਦੀ ਸਹਿਮਤੀ ਦਿੱਤੀ ਤੇ ਆਪਣੇ ਚਿਰਾਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਦਾ ਤਹੱਈਆ ਪ੍ਰਗਟਾਇਆ।
ਜੋ ਬਿਡੇਨ ਨੇ ਟਰੰਪ ਦੇ ਕਾਰਜਕਾਲ ‘ਚ ਗਰੀਨ ਕਾਰਡ ‘ਤੇ ਲੱਗੀ ਰੋਕ ਹਟਾਈ
ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵਿਸ਼ਵ ਵਿਆਪੀ ਮਹਾਂਮਾਰੀ ਦੌਰਾਨ ਲਾਗੂ ਕੀਤੀ ਗਈ ਨੀਤੀ ਨੂੰ ਖਤਮ ਕਰ ਦਿੱਤਾ ਹੈ। ਇਸ ਨੀਤੀ ਤਹਿਤ ਗਰੀਨ ਕਾਰਡ ਧਾਰਕਾਂ ‘ਤੇ ਅਮਰੀਕਾ ਜਾਣ ਲਈ ਰੋਕ ਲਗਾਈ ਗਈ ਸੀ। ਇਸ ਕਦਮ ਨਾਲ ਅਮਰੀਕਾ ਵਿਚ ਐਚ 1 ਬੀ ਵੀਜ਼ਾ ‘ਤੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਵੀ ਲਾਭ ਪਹੁੰਚੇਗਾ। ਜੋ ਬਿਡੇਨ ਨੇ ਕਿਹਾ ਕਿ ਅਜਿਹੀ ਨੀਤੀ ਅਮਰੀਕਾ ਦੇ ਹਿੱਤ ਵਿਚ ਨਹੀਂ ਹੈ। ਜ਼ਿਕਰਯੋਗ ਹੈ ਕਿ ਗਰੀਨ ਕਾਰਡ ਨੂੰ ਅਧਿਕਾਰਤ ਰੂਪ ਵਿਚ ਸਥਾਈ ਨਿਵਾਸੀ ਕਾਰਡ ਵੀ ਕਿਹਾ ਜਾਂਦਾ ਹੈ। ਸਾਬਕਾ ਰਾਸ਼ਟਰਪਤੀ ਟਰੰਪ ਨੇ ਪਿਛਲੇ ਸਾਲ ਕਰੋਨਾ ਵਾਇਰਸ ਦੇ ਮੱਦੇਨਜ਼ਰ ਵਧਦੀ ਬੇਰੁਜ਼ਗਾਰੀ ਨਾਲ ਨਿਪਟਣ ਦਾ ਹਵਾਲਾ ਦਿੰਦੇ ਹੋਏ ਗਰੀਨ ਕਾਰਡ ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਸੀ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …