Breaking News
Home / ਹਫ਼ਤਾਵਾਰੀ ਫੇਰੀ / ਕਿਸਾਨੀ ਮੋਰਚਿਆਂ ਵਿਚ ‘ਪਗੜੀ ਸੰਭਾਲ ਜੱਟਾ’ ਲਹਿਰ ਦੀ ਗੂੰਜ

ਕਿਸਾਨੀ ਮੋਰਚਿਆਂ ਵਿਚ ‘ਪਗੜੀ ਸੰਭਾਲ ਜੱਟਾ’ ਲਹਿਰ ਦੀ ਗੂੰਜ

ਕਿਸਾਨਾਂ ਨੂੰ ਜ਼ਰੂਰ ਮਿਲੇਗੀ ਸਫ਼ਲਤਾ
ਸਿੰਘੂ ਬਾਰਡਰ ‘ਤੇ ਪਹੁੰਚੇ ਅਭੈ ਸੰਧੂ ਨੇ 23 ਮਾਰਚ ਨੂੰ ਮਰਨ ਵਰਤ ‘ਤੇ ਬੈਠਣ ਦਾ ਕੀਤਾ ਐਲਾਨ
ਨਵੀਂ ਦਿੱਲੀ : ਬਰਤਾਨਵੀ ਹਕੂਮਤ ਖ਼ਿਲਾਫ਼ ਚੱਲੀ ‘ਪੱਗੜੀ ਸੰਭਾਲ ਜੱਟਾ’ ਮੁਹਿੰਮ ਦੇ ਬਾਨੀ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਦਿੱਲੀ ਦੇ ਵੱਖ-ਵੱਖ ਮੋਰਚਿਆਂ ਉਪਰ ਮਨਾਇਆ ਗਿਆ। ਕਿਸਾਨਾਂ ਨੇ ਇਹ ਦਿਹਾੜਾ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੇ ਸਵੈ-ਮਾਣ ਦਾ ਪ੍ਰਗਟਾਵਾ ਕਰਦਿਆਂ ਮਨਾਇਆ। ਕਿਸਾਨਾਂ ਨੇ ਰਵਾਇਤੀ ਰੰਗ-ਬਿਰੰਗੀਆਂ ਪੱਗਾਂ ਬੰਨ੍ਹੀਆਂ ਅਤੇ ਕਿਸਾਨੀ ਲਹਿਰ ਦੇ ਗੀਤ ਗਾਏ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ 1906 ਦੀ ‘ਪਗੜੀ ਸੰਭਾਲ ਲਹਿਰ’ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਸ ਸਮੇਂ ਵੀ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਸਨ, ਜਿਸ ਵਿਰੁੱਧ ਇਹ ਕਿਸਾਨੀ ਲਹਿਰ ਆਰੰਭ ਹੋਈ ਸੀ ਤੇ ਸਫ਼ਲ ਰਹੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਵੀ ਬਰਤਾਨਵੀ ਹਕੂਮਤ ਦੀ ਤਰਜ਼ ‘ਤੇ ਤਿੰਨ ਕਾਲੇ ਕਾਨੂੰਨਾਂ ਵਾਪਸ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਕਿਸਾਨ ਮੋਦੀ ਹਕੂਮਤ ਖਿਲਾਫ ਵਿੱਢੇ ਸੰਘਰਸ਼ ‘ਚੋਂ ਸਫ਼ਲ ਹੋ ਕੇ ਨਿਕਲਣਗੇ। ਆਗੂਆਂ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੇ ਇਸ ਅੰਦੋਲਨ ਨੂੰ ਸਬਰ ਤੇ ਸਿਦਕ ਨਾਲ ਜਾਰੀ ਰੱਖਣਗੇ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਝੁਕਣ ਵਾਲੇ ਨਹੀਂ। ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੇ ਮੋਦੀ ਸਰਕਾਰ ਵੱਲੋਂ ਕਿਸਾਨੀ ਮੰਗਾਂ ਨਾ ਮੰਨਣ ਦੀ ਸੂਰਤ ‘ਚ 23 ਮਾਰਚ ਤੋਂ ਕਿਸਾਨਾਂ ਨਾਲ ਮਰਨ ਵਰਤ ‘ਤੇ ਬੈਠਣ ਦਾ ਐਲਾਨ ਕੀਤਾ।
ਸਿੰਘੂ ਬਾਰਡਰ ‘ਤੇ ਹੋਏ ਮੁੱਖ ਸਮਾਗਮ ਵਿੱਚ ਸ਼ਹੀਦ-ਏ-ਆਜ਼ਮ ਦੇ ਵਾਰਸਾਂ ਨੇ ਵੀ ਸ਼ਿਰਕਤ ਕੀਤੀ। ਟਿਕਰੀ ਤੇ ਗਾਜ਼ੀਪੁਰ ਵਿੱਚ ਵੀ ਮੁੱਖ ਮੰਚ ਉਪਰ ਅਜੀਤ ਸਿੰਘ ਦੀਆਂ ਵੱਡ-ਅਕਾਰੀ ਤਸਵੀਰਾਂ ਨੂੰ ਕਿਸਾਨ ਆਗੂਆਂ ਨੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿੱਚੋਂ ਅਭੈ ਸਿੰਘ ਸੰਧੂ, ਤੇਜੀ ਸੰਧੂ, ਅਨੂਸਪ੍ਰਿਆ ਸੰਧੂ ਤੇ ਗੁਰਜੀਤ ਕੌਰ ਦਾ ਮੋਰਚੇ ਵੱਲੋਂ ਭਗਤ ਸਿੰਘ ਦੀ ਤਸਵੀਰ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਉੱਤਰ ਭਾਰਤ ਦੇ ਮਰਹੂਮ ਕਿਸਾਨ ਆਗੂ ਸਵਾਮੀ ਸਹਿਜਾਨੰਦ ਸਰਸਵਤੀ ਦਾ ਜਨਮ ਦਿਹਾੜਾ ਵੀ ਮਨਾਇਆ ਗਿਆ। ਅਭੈ ਸੰਧੂ ਨੇ ‘ਪੱਗੜੀ ਸੰਭਾਲ ਜੱਟਾ’ ਅੰਦੋਲਨ ਦੇ ਪਿਛੋਕੜ ਬਾਰੇ ਦੱਸਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨੀ ਮੰਗਾਂ ਮੰਨਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਦੇ ਨੌਜਵਾਨ ਫੌਜਾਂ ਤੋਂ ਬਾਗ਼ੀ ਨਾ ਹੋ ਜਾਣ। ਉਨ੍ਹਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਲੇ ਮਹੀਨੇ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੱਕ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਉਹ ਕਿਸਾਨਾਂ ਨਾਲ ਮਰਨ ਵਰਤ ਉਪਰ ਬੈਠਣਗੇ। ਉਨ੍ਹਾਂ ਸੱਤਾਧਾਰੀਆਂ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ 26 ਜਨਵਰੀ ਦੀਆਂ ਮੰਦਭਾਗੀਆਂ ਘਟਨਾਵਾਂ ਮਗਰੋਂ ਮੁੜ ਅੰਦੋਲਨ ਸ਼ੁਰੂ ਕਰਨ ਵਿੱਚ ਦੇਸ਼ ਦੇ ਕਿਸਾਨਾਂ ਦੇ ਯੋਗਦਾਨ ਨੂੰ ਸਲਾਹਿਆ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦਿੱਲੀ ਪੁਲਿਸ ਪੰਜਾਬ ਦੇ ਕਿਸਾਨਾਂ ਨੂੰ ਨੋਟਿਸ ਭੇਜ ਹੀ ਨਹੀਂ ਸਕਦੀ। ਇਹ ਕਾਨੂੰਨੀ ਪਹਿਲੂ ਹੈ, ਲਿਹਾਜ਼ਾ ਕਿਸਾਨ ਇਨ੍ਹਾਂ ਨੋਟਿਸਾਂ ਤੋਂ ਨਾ ਡਰਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਇਸ ਨੂੰ ਮੁੱਠੀ ਭਰ ਕਿਸਾਨਾਂ ਦਾ ਅੰਦੋਲਨ ਆਖ ਰਹੀ ਸੀ, ਪਰ ਹੁਣ ਆਖ ਰਹੀ ਹੈ ਕਿ ਭੀੜ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ। ਇਸ ਦੌਰਾਨ ਸਵਾਮੀ ਸਹਿਜਾਨੰਦ ਸਰਸਵਤੀ ਦਾ ਜਨਮ ਦਿਨ ਵੀ ਮਨਾਇਆ ਗਿਆ। ਦੱਖਣੀ ਭਾਰਤ ਦੇ ਕਿਸਾਨਾਂ ਮੁੱਖ ਤੌਰ ‘ਤੇ ਕਰਨਾਟਕ ਤੇ ਤੇਲੰਗਾਨਾ ਦੇ ਕਿਸਾਨ ਵੀ ਦਿੱਲੀ ਸਰਹੱਦ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਦੇਸ਼ ਭਰ ਦੇ ਕਿਸਾਨਾਂ ਦਾ ਹੈ। ਮਹਾਰਾਸ਼ਟਰ ਦੇ ਨੰਦੂਰਬਾਰ ਵਿੱਚ, ਨਰਮਦਾ ਬਚਾਓ ਅੰਦੋਲਨ ਦੇ ਕਾਰਕੁਨਾਂ ਸਮੇਤ ਐਨਏਪੀਐਮ, ਏਆਈਕੇਐਸਸੀ, ਜੇਏਐਸਐਸ ਸਮੇਤ ਖੇਤਰੀ ਲੋਕਾਂ ਦੀ ਹਾਜ਼ਰੀ ਵਿੱਚ ਸਾਂਝੇ ਕਿਸਾਨ ਮੋਰਚੇ ਦੇ ਸੱਦੇ ‘ਤੇ ‘ਪਗੜੀ ਸੰਭਾਲ ਦਿਵਸ’ ਦਾ ਨਾਅਰਾ ਦਿੱਤਾ ਗਿਆ। ਕਿਸਾਨ ਆਗੂਆਂ ਵੱਲੋਂ ਸਰਕਾਰ ਦੀਆਂ ਕਿਸਾਨ ਵਿਰੋਧੀ ਸਾਜ਼ਿਸ਼ਾਂ ਦਾ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਹਰ ਰੋਜ਼ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਧਰ ਟਿਕਰੀ ਬਾਰਡਰ ‘ਤੇ ਚਾਚਾ ਅਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ ਕਿ ਜਿਵੇਂ ਬਰਤਾਨਵੀ ਹਕੂਮਤ ਨੂੰ ਕਾਨੂੰਨ ਵਾਪਸ ਲੈਣੇ ਪਏ ਸਨ, ਠੀਕੇ ਉਸੇ ਤਰਜ਼ ‘ਤੇ ਮੋਦੀ ਸਰਕਾਰ ਨੂੰ ਵੀ ਮੌਜੂਦਾ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ।
ਉਨ੍ਹਾਂ ਕਿਹਾ ਕਿ ਉਸ ਸਮੇਂ ਭਾਰਤ ‘ਤੇ ਕਾਬਜ਼ ਵਿਦੇਸ਼ੀ ਅੰਗਰੇਜ਼ ਹਕੂਮਤ ਨੇ ਵੀ 1906 ਵਿੱਚ ਕਿਸਾਨਾਂ ਤੋਂ ਜ਼ਮੀਨਾਂ ਖੋਹਣ, ਮਾਲੀਏ ਵਿੱਚ ਵਾਧਾ ਕਰਨ ਅਤੇ ਨਹਿਰੀ ਆਬਿਆਨੇ ਵਿੱਚ ਵਾਧਾ ਕਰਨ ਦੇ ਤਿੰਨ ਬਿੱਲ ਲਿਆਂਦੇ ਸਨ, ਜਿਨ੍ਹਾਂ ਖ਼ਿਲਾਫ਼ ਕਿਸਾਨਾਂ ਨੇ ਚਾਚਾ ਅਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਤੇ ਨੌਂ ਮਹੀਨੇ ਲੰਮਾਂ ਸੰਘਰਸ਼ ਲੜ ਕੇ ਵਿਦੇਸ਼ੀ ਹਕੂਮਤ ਨੂੰ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਹੁਣ ਵੀ ਭਾਰਤੀ ਹਕੂਮਤ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਲਈ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਬਿਨਾਂ ਰੋਕ ਟੋਕ ਵਾਲੀਆਂ ਵੱਡੀਆਂ ਸੜਕਾਂ ਦਾ ਜਾਲ ਵਿਛਾ ਰਹੀ ਹੈ ਅਤੇ ਕੰਪਨੀਆਂ ਨੂੰ ਲੁੱਟ ਦਾ ਲਾਇਸੈਂਸ ਦਿੰਦੇ ਨਵੇਂ ਕਾਨੂੰਨ ਧੱਕੇ ਨਾਲ ਲਾਗੂ ਕਰ ਰਹੀ ਹੈ। ਪਰਮਜੀਤ ਕੌਰ ਪਿੱਥੋ ਨੇ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਦਿੱਲੀ ਮੋਰਚੇ ‘ਚ ਹਜ਼ਾਰਾਂ ਦੀ ਤਦਾਦ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਵੱਲੋਂ ਨਾਟਕ ‘ਉੱਠਣ ਦਾ ਵੇਲਾ’ ਪੇਸ਼ ਕੀਤਾ ਗਿਆ।
ਦਿੱਲੀ ਦੀ ਗਾਜ਼ੀਪੁਰ ਸਰਹੱਦ ‘ਤੇ ਲੱਗੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਨੇ ‘ਪਗੜੀ ਸੰਭਾਲ ਦਿਵਸ’ ਨੂੰ ਸਮਰਪਿਤ ਮਾਰਚ ਕੱਢ ਕੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ। ਮਾਰਚ ਮੁੱਖ ਮੰਚ ਤੋਂ ਲੈ ਕੇ ਧਰਨੇ ਦੇ ਅਖ਼ੀਰ ਗਾਜ਼ੀਆਬਾਦ ਵੱਲ ਜਾਂਦੇ ਮਾਰਗ ਉਪਰ ਕੱਢਿਆ ਗਿਆ। ਸਵਾਮੀ ਸਹਿਜਾਨੰਦ ਸਰਸਵਤੀ ਦਾ ਜਨਮ ਦਿਨ ਵੀ ਮਨਾਇਆ ਗਿਆ ਤੇ ਸਵਾਮੀ ਵੱਲੋਂ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਲਈ ਕੀਤੇ ਗਏ ਸੰਘਰਸ਼ਾਂ ਨੂੰ ਯਾਦ ਕੀਤਾ ਗਿਆ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਤੇ ਉੱਤਰਾਖੰਡ ਦੇ ਕਿਸਾਨ ਆਗੂ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਸਵਾਮੀ ਜਿੱਥੇ ਵਿਦਵਾਨ, ਸਮਾਜ ਸੁਧਾਰਕ ਤੇ ਕਿਸਾਨ ਨੇਤਾ ਸਨ, ਉੱਥੇ ਉਹ ਚੰਗੇ ਲੇਖਕ ਵੀ ਸਨ। ਉਨ੍ਹਾਂ 1937-38 ਦੌਰਾਨ ਕਾਸ਼ਤਕਾਰ ਕਿਸਾਨਾਂ ਲਈ ਅੰਦੋਲਨ ਚਲਾਇਆ ਤੇ ਕਿਸਾਨ ਅਧਿਕਾਰਾਂ ਦੀ ਅਲਖ ਕਿਸਾਨਾਂ ਵਿੱਚ ਜਗਾਈ।

ਸਰਕਾਰ ਪੈਟਰੋਲ 100 ਰੁਪਏ ਵੇਚੇ ਤਾਂ ਅਸੀਂ ਵੀ ਦੁੱਧ ਹੁਣ 100 ਰੁਪਏ ਵੇਚਾਂਗੇ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮਲਕੀਤ ਸਿੰਘ ਨੇ ਦੱਸਿਆ ਕਿ ਇਕ ਮਾਰਚ ਤੋਂ ਕਿਸਾਨ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰਨ ਜਾ ਰਹੇ ਹਨ, ਜਿਸ ਤੋਂ ਬਾਅਦ 50 ਰੁਪਏ ਲੀਟਰ ਵਿਕਣ ਵਾਲਾ ਦੁੱਧ 100 ਰੁਪਏ ਪ੍ਰਤੀ ਲੀਟਰ ਵੇਚਿਆ ਜਾਵੇਗਾ। ਕੇਂਦਰ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਕਿਸਾਨਾਂ ਨੂੰ ਚਾਰੇ ਪਾਸਿਓਂ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਸਾਨ ਮੋਰਚੇ ਨੇ ਇਸਦਾ ਹੱਲ ਕੱਢਣ ਲਈ ਦੁੱਧ ਦੀਆਂ ਕੀਮਤਾਂ ਦੁੱਗਣੀਆਂ ਕਰਨ ਦਾ ਫੈਸਲਾ ਕੀਤਾ ਹੈ।
ਭੁਲੇਖੇ ‘ਚ ਨਾ ਰਹੇ ਮੋਦੀ ਸਰਕਾਰ : ਡਾ. ਦਰਸ਼ਨ ਪਾਲ
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਦਰਸ਼ਨ ਪਾਲ ਨੇ ਮੰਚ ਤੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਇਸ ਭੁਲੇਖੇ ‘ਚ ਨਾ ਰਹੇ ਕਿ ਫਸਲਾਂ ਦੀ ਕਟਾਈ ਕਾਰਨ ਦਿੱਲੀ ਦੀਆਂ ਸਰਹੱਦਾਂ ‘ਤੇ ਜੁੜਿਆ ਇਕੱਠ ਖਿੰਡਣਾ ਸ਼ੁਰੂ ਹੋ ਜਾਵੇਗਾ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਹਾੜ੍ਹੀਆਂ ਦੇ ਆਉਣ ਜਾਂ ਸਾਉਣੀ ਦੇ ਜਾਣ ਨਾਲ ਲੜਾਈਆਂ ਕਦੇ ਨਹੀਂ ਰੁਕਦੀਆਂ। ਡਾ. ਦਰਸ਼ਨ ਪਾਲ ਨੇ ਮੰਚ ਤੋਂ ਹੀ ਇਸ ਸਬੰਧ ‘ਚ ਸੁਝਾਅ ਦਿੰਦਿਆਂ ਕਿਹਾ ਕਿ ਆਉਣ ਵੇਲੇ ਕੰਮ ਦੇ ਜ਼ੋਰ ਦੇ ਸਮੇਂ ‘ਚ ਜਦੋਂ ਕਿਸੇ ਇਕ ਦੀ ਫਸਲ ਕੱਟੇਗੀ ਤਾਂ ਪਿੰਡ ‘ਚ ਮੌਜੂਦ 10 ਹੋਰ ਕਿਸਾਨ ਉਸ ਦੇ ਨਾਲ ਆ ਜੁੜਨਗੇ। ਡਾ. ਦਰਸ਼ਨ ਪਾਲ ਨੇ ਇਹ ਵੀ ਕਿਹਾ ਕਿ ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਹੀ ਨਹੀਂ ਸਗੋਂ ਮਾਵਾਂ, ਧੀਆਂ, ਭੈਣਾਂ, ਨੌਕਰੀ ‘ਤੇ ਜਾਂਦੇ, ਸੇਵਾਮੁਕਤ ਲੋਕਾਂ ਦਾ ਵੀ ਅੰਦੋਲਨ ਹੈ। ਇਥੇ ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਿਹਾ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …